Shilpa Shetty fraud case : ਧੋਖਾਧੜੀ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ
- ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
- ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਚਾਰ ਯਾਤਰਾਵਾਂ ਦੀ ਮੰਗੀ ਸੀ ਇਜਾਜ਼ਤ
ਨਵੀ ਦਿੱਲੀ, 8 ਅਕਤੂਬਰ 2025 (ਵਿਸ਼ਵ ਵਾਰਤਾ) – ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪ ਰਹੀਆਂ। ਬੰਬੇ ਹਾਈ ਕੋਰਟ ਨੇ ਅੱਜ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨਾਲ ਜੁੜੇ ਕਥਿਤ ₹60 ਕਰੋੜ ਦੇ ਧੋਖਾਧੜੀ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਬੰਬੇ ਹਾਈ ਕੋਰਟ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਕਿਹਾ ਹੈ ਕਿ ਜੇਕਰ ਉਹ ਲਾਸ ਏਂਜਲਸ ਅਤੇ ਹੋਰ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ 60 ਕਰੋੜ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਇਹ ਹੁਕਮ ਉਸ ਪਟੀਸ਼ਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਜੋੜੇ ਨੇ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸਬੰਧਤ ਇੱਕ ਐਫਆਈਆਰ ਵਿੱਚ ਉਨ੍ਹਾਂ ਵਿਰੁੱਧ ਜਾਰੀ ਕੀਤੇ ਗਏ ਲੁੱਕ ਆਊਟ ਸਰਕੂਲਰ (LOC) ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਆਪਣੀ ਪਟੀਸ਼ਨ ਵਿੱਚ ਚਾਰ ਯਾਤਰਾਵਾਂ ਦੀ ਇਜਾਜ਼ਤ ਮੰਗੀ ਸੀ।
ਪਹਿਲੀ ਯਾਤਰਾ 2 ਅਕਤੂਬਰ ਤੋਂ 5 ਅਕਤੂਬਰ ਤੱਕ ਥਾਈਲੈਂਡ ਦੀ ਸੀ, ਜੋ ਹੁਣ ਸੰਭਵ ਨਹੀਂ ਹੈ। ਦੂਜੀ ਇਜਾਜ਼ਤ ਉਨ੍ਹਾਂ ਨੇ 21 ਅਕਤੂਬਰ ਤੋਂ 24 ਅਕਤੂਬਰ ਤੱਕ ਲਾਸ ਏਂਜਲਸ ਲਈ, ਤੀਜੀ 25 ਅਕਤੂਬਰ ਨੂੰ ਕੋਲੰਬੋ ਲਈ ਅਤੇ ਚੌਥੀ ਯਾਤਰਾ 20 ਦਸੰਬਰ, 2025 ਤੋਂ 6 ਜਨਵਰੀ, 2026 ਤੱਕ ਲਈ ਮੰਗੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ 2025 ਨੂੰ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























