ਚੰਡੀਗੜ੍ਹ, 6 ਨਵੰਬਰ (ਵਿਸ਼ਵ ਵਾਰਤਾ) ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਨੂੰ 24 ਦਿਨਾਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪੋਸਟਮਾਰਟਮ ਕਰਵਾਉਣ ਦੇ ਲਈ ਵੀਰਵਾਰ ਅੱਧੀ ਰਾਤ ਨੂੰ ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਪੀ.ਜੀ.ਆਈ.ਚੰਡੀਗੜ੍ਹ ਲਿਜਾਇਆ ਗਿਆ ਸੀ। ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਨ ਸਮੇਂ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ, ਉਨ੍ਹਾਂ ਦੀ ਐਂਟੀ ਡਰੱਗ ਟਾਸਕ ਟੀਮ ਲੱਖਾਂ ਸਿਧਾਣਾ ਸਮੇਤ ਹੋਰ ਲੋਕ ਮੌਜੂਦ ਸਨ।
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਗੱਲਬਾਤ ਵਿੱਚ ਸ਼ਾਮਲ ਕੈਬਨਿਟ ਮੰਤਰੀ ਉਨ੍ਹਾਂ ਦੇ ਪੁੱਤਰ ਦੇ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਮਾਨਸਾ ਦੇ ਐਸ.ਐਸ.ਪੀ. ਵੈਭਵ ਚੌਧਰੀ ਦਾ ਤਬਾਦਲਾ ਕਰਨ। ਝੋਟਾ ਦੇ ਪਿਤਾ, ਭੀਮ ਸਿੰਘ ਨੇ ਕਿਹਾ ਕਿ ਐਸ.ਐਸ.ਪੀ. ਵੈਭਵ ਚੌਧਰੀ ਵੀ ਉਨ੍ਹਾਂ ਦੇ ਪੁੱਤਰ ਦੇ ਕਤਲ ਲਈ ਜ਼ਿੰਮੇਵਾਰ ਹਨ, ਕਿਉਂਕਿ ਉਹ ਨਸ਼ਾ ਤਸਕਰਾਂ ਵਿਰੁੱਧ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫਲ ਰਹੇ।























