– ਵਿਧਾਇਕ ਸੰਧਵਾਂ, ਰੋੜੀ, ਪੰਡੋਰੀ, ਸੰਦੋਆ ਅਤੇ ਬਿਲਾਸਪੁਰ ਨੇ ਕੈਪਟਨ ਸਰਕਾਰ ਤੇ ਬਣਾਇਆ ਦਬਾਅ
– ਮਾਮਲਾ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ
ਚੰਡੀਗੜ੍ਹ, 28 ਜਨਵਰੀ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ – ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਦਬਾਅ ਬਣਾਉਂਦਿਆਂ ਮੰਗ ਕੀਤੀ ਹੈ ਕਿ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
’ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਰਕਾਰ ਸਹੀਂ ਅਰਥਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਅਤੇ ਕਰਵਾਉਣ ਵਾਲੇ ਪਾਪੀਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਚ ਸ਼ਾਂਤੀ ਪੂਰਵਕ ਅਤੇ ਨਿਹੱਥੀ ਸੰਗਤ ਉੱਤੇ ਗੋਲੀਆਂ ਚਲਾਉਣ ਅਤੇ ਗੋਲੀ ਕਾਂਡ ਦੇ ਹੁਕਮ ਦੇਣ ਵਾਲੇ ’ਜਨਰਲ ਡਾਇਰ’ ਨੂੰ ਸਭਾ ਅਤੇ ਸੰਗਤ ਨੂੰ ਇਨਸਾਫ਼ ਦੇਣਾ ਚਾਹੁੰਦੀ ਹੈ ਤਾਂ ਬਾਦਲਾਂ ਅਤੇ ਸੁਮੇਧ ਸੈਣੀ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
’ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਸ ਮਸਲੇ ਚ ’ਆਪ’ ਸੂਬਾ ਸਰਕਾਰ ਦਾ ਸਾਥ ਦੇਵੇਗੀ ਤਾਂ ਦੇਸ਼ ਵਿਦੇਸ਼ ਬੈਠੀ ਸਮੁੱਚੀ ਸੰਗਤ ਦੇ ਮਨ ਵਿੱਚ ਠੰਢ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਹੋ ਸਕੇ।
ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਉਪਰੰਤ ਕੈਪਟਨ ਸਰਕਾਰ ਅਤੇ ਉਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਈ ਹੁਣ ਬੇਅਦਬੀਆਂ ਅਤੇ ਗੋਲੀ ਕਾਂਡ ਦੇ ਅਸਲੀ ਸਾਜ਼ਿਸ਼ ਕਰਤਾਵਾਂ ਅਤੇ ਦੋਸ਼ੀਆਂ ਤੱਕ ਪਹੁੰਚਣਾ ਮੁਸ਼ਕਲ ਨਹੀਂ ਰਿਹਾ।
ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਐਸਆਈਟੀ ਦੀ ਅਗਲੀ ਕਾਰਵਾਈ ਨੇ ਸਾਬਿਤ ਕਰਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਤੇ ਬਾਦਲਾਂ ਨਾਲ ਮਿਲੇ ਹੋਣ ਦੇ ਲੱਗ ਰਹੇ ਦੋਸ਼ਾਂ ਨੂੰ ਮਿਟਾਉਣਾ ਚਾਹੁੰਦੇ ਹਨ ਜਾਂ ਫਿਰ ਸਦਾ ਲਈ ਪੱਕਾ ਕਰਦੇ ਹਨ।