Punjab Floods : ਘੱਗਰ ’ਚ ਪਾਣੀ ਦਾ ਪੱਧਰ ਪਹੁੰਚਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ
– ਲੋਕਾਂ ਦੀ ਵਧੀ ਚਿੰਤਾ
ਚੰਡੀਗੜ੍ਹ, 2 ਸਤੰਬਰ 2025 (ਵਿਸ਼ਵ ਵਾਰਤਾ): ਪੰਜਾਬ ਦੇ 12 ਜ਼ਿਲ੍ਹੇ ਇਸ ਸਮੇ ਹੜ੍ਹਾਂ ਨਾਲ ਪ੍ਰਭਾਵਿਤ (Punjab Floods) ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ। ਅੱਜ ਵੀ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਗਰ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ ਹੈ ਜਿਸ ਨਾਲ ਲੋਕਾਂ ਦੀ ਚਿੰਤਾਵਾਂ ਹੋਰ ਵੱਧ ਗਈਆਂ ਹਨ।
ਸਾਹਮਣੇ ਆਈ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਪਾਤੜਾਂ ਦੇ ਨੇੜੇ ਪੈਂਦੇ ਖਨੌਰੀ ਸੈਫਨ ਤੇ ਘੱਗਰ ਵਿਚ ਪਾਣੀ ਦਾ ਪੱਧਰ 12 ਵਜੇ 747.7 ਫੁੱਟ 12,000 ਕਿਊਸਕ ਮਾਪਿਆ ਗਿਆ ਜਦੋਂਕਿ ਡੇਂਜਰ ਲੈਵਲ 748 ਤੋਂ ਥੋੜਾ ਹੀ ਹੇਠਾਂ ਰਹਿ ਗਿਆ ਹੈ, ਜਿਸ ਕਾਰਨ ਘੱਗਰ ਨੇੜਲੇ ਪਿੰਡਾਂ ਅੰਦਰ ਲੋਕਾਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ। ਪ੍ਰਸ਼ਾਸਨ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਿਆ ਜਾਵੇ।
ਮੌਜੂਦਾ ਹੜ੍ਹ ਸਥਿਤੀ ਅਤੇ ਘੱਗਰ ਦਰਿਆ ਵਿੱਚ ਵਧੇ ਹੋਏ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ, ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਵੀ ਜ਼ਿਲ੍ਹਾ ਸੰਗਰੂਰ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਕੰਢਿਆਂ ‘ਤੇ ਰਾਤ ਦੀ ਚੌਕਸੀ (ਠੀਕਰੀ ਪਹਿਰੇ) ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਆਲੇ ਦੁਆਲੇ ਦੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, 15 ਸੰਵੇਦਨਸ਼ੀਲ ਥਾਵਾਂ, ਜਿੱਥੇ 2023 ਵਿੱਚ ਪਾੜ ਪਿਆ ਸੀ, ਦਰਿਆ ਦੇ ਨਾਲ ਲੱਗਦੇ ਹੋਰ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਜੰਬੋ ਬੈਗਾਂ ਸਮੇਤ ਰੇਤ ਦੀਆਂ ਬੋਰੀਆਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ 2023 ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਪਾੜ ਪਏ ਸਨ, ਉਨ੍ਹਾਂ ਇਲਾਕਿਆਂ ਦੀ ਸਿੰਚਾਈ ਵਿਭਾਗ ਵੱਲੋਂ ਨੇੜਿਓਂ ਨਿਗਰਾਨੀ ਕੀਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























