ਚੰਡੀਗੜ•/23 ਜਨਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਸ੍ਰ੍ਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ, ਜਿਹਨਾਂ ਨੇ ਉਹਨਾਂ ਦੀ ਬੇਨਤੀ ਮੰਨਦੇ ਹੋਏ ਦਿੱਲੀ ਸੇਰਾਏ ਰੋਹੱਲਾ-ਬੀਕਾਨੇਰ ਐਕਸਪ੍ਰੈਸ ਟਰੇਨ ਦਾ ਰਾਮਪੁਰਾ ਫੂਲ ਵਿਖੇ ਸਟਾਪੇਜ ਬਣਾਉਣ ਅਤੇ ਦਿੱਲੀ-ਸ੍ਰੀ ਗੰਗਾਨਗਰ ਸੁਪਰਫਾਸਟ ਐਕਸਪ੍ਰੈਸ ਦਾ ਬੁਢਲਾਡਾ ਵਿਖੇ ਸਟਾਪੇਜ ਮੁੜ ਚਾਲੂ ਕਰਨ ਦਾ ਫੈਸਲਾ ਲਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਸੀ ਕਿ ਰਾਮਪੁਰਾ ਫੂਲ ਦੇ ਲੋਕਾਂ ਨੇ ਉਹਨਾਂ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਦਿੱਲੀ-ਬੀਕਾਨੇਰ ਐਕਸਪ੍ਰੈਸ ਟਰੇਨ ਦਾ ਰਾਮਪੁਰਾ ਫੂਲ ਵਿਖੇ ਸਟਾਪੇਜ ਹੋਵੇ। ਲੋਕਾਂ ਨੇ ਕਿਹਾ ਸੀ ਕਿ ਇਸ ਨਾਲ ਨਾ ਸਿਰਫ ਵਪਾਰੀਆਂ ਨੂੰ ਲਾਭ ਹੋਵੇਗਾ, ਸਗੋਂ ਕੈਂਸਰ ਦੇ ਇਲਾਜ ਲਈ ਬੀਕਾਨੇਰ ਜਾਣ ਵਾਲੇ ਲੋਕਾਂ ਨੂੰ ਸੌਖ ਹੋ ਜਾਵੇਗੀ।