ਚੰਡੀਗੜ, 21 ਜਨਵਰੀ (ਵਿਸ਼ਵ ਵਾਰਤਾ) – ਪੰਜਾਬ ਵਿਚ ਅੱਜ ਮਾਨਸਾ ਸਮੇਤ ਕਈ ਥਾਵਾਂ ਉਤੇ ਭਾਰੀ ਬਾਰਿਸ਼ ਹੋਈ, ਜਦਕਿ ਕਈ ਥਾਈਂ ਛਿੱਟੇ ਵੀ ਪਏ। ਇਸ ਬਾਰਿਸ਼ ਨਾਲ ਸੂਬੇ ਵਿਚ ਠੰਡ ਮੁੜ ਤੋਂ ਪਰਤ ਆਈ ਹੈ। ਇਸ ਦੌਰਾਨ ਮਾਲਵਾ ਪੱਟੀ ਵਿਚ ਸਾਰਾ ਪੋਹ ਅਤੇ ਮਾਘ ਦਾ ਪਹਿਲਾ ਹਫਤਾ ਸੁੱਕਾ ਲੰਘਣ ਤੋਂ ਬਾਅਦ ਅੱਜ ਸ਼ਾਮ ਨੂੰ ਭਰਵਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਇਸ ਮੀਂਹ ਨਾਲ ਭਾਵੇਂ ਠੰਡ ਨੇ ਜ਼ੋਰ ਫੜ ਲਿਆ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਵੱਲੋਂ ਇਸ ਮੀਂਹ ਨੂੰ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸਿਆ ਹੈ। ਇਸ ਮੀਂਹ ਨਾਲ ਮਾਲਵਾ *ਚੋਂ ਖੁਸ਼ਕੀ ਚੁੱਕੀ ਜਾਣੀ ਹੈ ਅਤੇ ਚਿਰਾਂ ਤੋਂ ਪਾਣੀ ਮੰਗ ਰਹੀਆਂ ਫਸਲਾਂ ਦੇ ਬਾਰੇ—ਨਿਆਰੇ ਹੋ ਜਾਣੇ ਹਨ। ਮੌਸਮ ਮਹਿਮਕੇ ਨੇ ਲਗਾਤਾਰ ਤਿੰਨ ਦਿਨ ਲਈ ਪੰਜਾਬ ਦੇ ਵੱਖ—ਵੱਖ ਇਲਾਕਿਆਂ ਵਿਚ ਹਲਕਾ ਅਤੇ ਭਰਵਾਂ ਮੀਂਹ ਪੈਣ ਦੀ ਸੰਭਾਵਨਾਵਾਂ ਪ੍ਰਗਟ ਕੀਤੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਬਿਜਾਈ ਤੋਂ ਬਾਅਦ ਫਸਲਾਂ ਲਈ ਭਰਵਾਂ ਮੀਂਹ ਪੈ ਨਹੀਂ ਸਕਿਆ, ਜਿਸ ਕਾਰਨ ਇਹ ਫਸਲਾਂ ਨਿਰੋਈਆਂ ਹੋਣ ਤੋਂ ਬਿਨਾਂ ਹੀ ਖੇਤਾਂ ਵਿਚ ਖੜ੍ਹੀਆਂ ਸਨ ਅਤੇ ਹੁਣ ਸਮੇਂ ਸਿਰ ਪਏ ਇਸ ਮੀਂਹ ਨੇ ਦਿਨਾਂ ਵਿਚ ਹੀ ਫਸਲਾਂ ਨੂੰ ਟਹਿਕਣ ਲਾ ਦੇਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਗੇ ਮੀਂਹ ਤੋਂ ਬਿਨਾਂ ਫਸਲਾਂ ਦਾ ਜ਼ੋਰਦਾਰ ਫੁਟਾਰਾ ਨਹੀਂ ਹੁੰਦਾ ਹੈ ਅਤੇ ਫੈਲਰਣ ਤੋਂ ਬਿਨਾਂ ਫਸਲਾਂ ਦੇ ਝਾੜ ਨੂੰ ਚੰਗਾ ਨਹੀਂ ਸਮਝਿਆ ਜ਼ਾਂਦਾ ਹੈ। ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਪੈ ਰਹੀ ਸੁੱਕੀ ਠੰਡ ਵੀ ਫਸਲਾਂ ਲਈ ਨੁਕਸਾਨਦਾਇਕ ਹੁੰਦੀ ਹੈ ਅਤੇ ਹੁਣ ਪਏ ਇਸ ਮੀਂਹ ਨੇ ਫਸਲਾਂ ਨੂੰ ਧੋ—ਨਿਖਾਰ ਦੇਣਾ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਸੰਪਰਕ ਕਰਨ *ਤੇ ਦੱਸਿਆ ਕਿ ਫਸਲਾਂ ਕਈ ਦਿਨਾਂ ਤੋਂ ਮੀਂਹ ਮੰਗ ਰਹੀਆਂ ਸਨ, ਜਿਸ ਕਰਕੇ ਅੱਜ ਡਿੱਗੇ ਇਸ ਅੰਬਰੀ ਪਾਣੀ ਨੇ ਫਸਲਾਂ ਲਈ ਦੇਸੀ ਘਿਓ ਵਾਂਗ ਕੰਮ ਕਰਨਾ ਹੈ ਅਤੇ ਚਿਰਾਂ ਤੋਂ ਖੜ੍ਹੀਆਂ ਫਸਲਾਂ ਨੇ ਦਿਨਾਂ ਵਿਚ ਹੀ ਗੇੜੇ ਖਾ ਜਾਣੇ ਹਨ।
ਇਸ ਦੌਰਾਨ ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਹਾੜੀ ਦੀਆਂ ਫਸਲਾਂ ਲਈ ਲਾਹੇਵੰਦ ਦੱਸਿਆ ਹੈ।