CP ਰਾਧਾਕ੍ਰਿਸ਼ਨਨ ਵੱਲੋਂ ਉਪ-ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾਖਲ
– ਅਮਿਤ ਸ਼ਾਹ, ਰਾਜਨਾਥ ਸਿੰਘ ਸਣੇ ਕਈ ਭਾਜਪਾ ਆਗੂ ਰਹੇ ਮੌਜੂਦ
ਨਵੀ ਦਿੱਲੀ, 20 ਅਗਸਤ 2025 (ਵਿਸ਼ਵ ਵਾਰਤਾ): ਐਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੀਪੀ (CP) ਰਾਧਾਕ੍ਰਿਸ਼ਨਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਨਾਮਜ਼ਦਗੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਆਗੂ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਸਤਾਵਕ ਬਣੇ।

ਦੱਸ ਦਈਏ ਕਿ ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ 9 ਸਤੰਬਰ ਨੂੰ ਹੋਵੇਗੀ। ਗਿਣਤੀ ਵੀ ਉਸੇ ਦਿਨ ਹੋਵੇਗੀ।ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਨਾਮਜ਼ਦਗੀਆਂ 25 ਅਗਸਤ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ। ਬੀਤੀ 17 ਅਗਸਤ ਨੂੰ ਹੋਈ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਸੀਪੀ ਰਾਧਾਕ੍ਰਿਸ਼ਨਨ ਦੇ ਨਾਮ ‘ਤੇ ਸਹਿਮਤੀ ਬਣੀ ਸੀ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਧਾਕ੍ਰਿਸ਼ਨਨ ਦੇ ਨਾਮ ਦਾ ਐਲਾਨ ਕੀਤਾ ਸੀ। ਰਾਧਾਕ੍ਰਿਸ਼ਨਨ ਦਾ ਸਾਹਮਣਾ ਵਿਰੋਧੀ ਗਠਜੋੜ ਦੇ ਉਮੀਦਵਾਰ, ਸੇਵਾਮੁਕਤ ਸੁਪਰੀਮ ਕੋਰਟ ਦੇ ਜਸਟਿਸ ਬੀ ਸੁਦਰਸ਼ਨ ਰੈੱਡੀ ਨਾਲ ਹੋਵੇਗਾ।
ਤਾਮਿਲਨਾਡੂ ਵਿੱਚ ਜਨਮੇ, ਸੀਪੀ ਰਾਧਾਕ੍ਰਿਸ਼ਨਨ ਗਾਉਡਰ-ਕੋਂਗੂ ਵੇਲਾਲਰ ਯਾਨੀ ਕਿ ਓਬੀਸੀ ਭਾਈਚਾਰੇ ਨਾਲ ਸਬੰਧਤ ਹਨ। ਉਹ 1998 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2023 ਵਿੱਚ ਝਾਰਖੰਡ ਦੇ ਰਾਜਪਾਲ ਬਣੇ ਸਨ। 67 ਸਾਲਾ ਸੀਪੀ ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ। ਝਾਰਖੰਡ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ, ਰਾਧਾਕ੍ਰਿਸ਼ਨਨ ਨੇ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲਿਆ। ਸੀਪੀ ਰਾਧਾਕ੍ਰਿਸ਼ਨਨ ਨੇ ਬਿਜਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























