Uttarkashi Cloudburst: ਇਸਰੋ ਨੇ ਜਾਰੀ ਕੀਤੀਆਂ ਉੱਤਰਕਾਸ਼ੀ ਤਬਾਹੀ ਦੀਆਂ ਤਸਵੀਰਾਂ
ਤਬਾਹੀ ਤੋਂ ‘ਪਹਿਲਾਂ’ ਅਤੇ ‘ਬਾਅਦ’ ਦਾ ਮੰਜ਼ਰ ਦੇਖ ਕੰਬ ਉਠੇਗੀ ਰੂਹ!

ਉੱਤਰਾਖੰਡ, 8 ਅਗਸਤ 2025 (ਵਿਸ਼ਵ ਵਾਰਤਾ): ਉੱਤਰਾਖੰਡ ਦੇ ਉੱਤਰਕਾਸ਼ੀ (Uttarkashi Cloudburst) ਵਿੱਚ 5 ਅਗਸਤ ਨੂੰ ਆਏ ਭਿਆਨਕ ਹੜ੍ਹ ਨੇ ਧਾਰਾਲੀ ਅਤੇ ਹਰਸ਼ਿਲ ਪਿੰਡਾਂ ਨੂੰ ਤਬਾਹ ਕਰ ਦਿੱਤਾ। ਭਾਰੀ ਮੀਂਹ ਕਾਰਨ ਆਏ ਇਸ ਅਚਾਨਕ ਹੜ੍ਹ ‘ਚ ਘਰਾਂ, ਇਮਾਰਤਾਂ, ਪੁਲਾਂ, ਸੜਕਾਂ ਸਭ ਵਹਿ ਗਏ ਅਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ। ਹੁਣ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਅਤੇ ਇਸਰੋ ਨੇ ਸੈਟੇਲਾਈਟ ਤਸਵੀਰਾਂ ਦੀ ਮਦਦ ਨਾਲ ਨੁਕਸਾਨ ਦਾ ਤੇਜ਼ੀ ਨਾਲ ਮੁਲਾਂਕਣ ਕੀਤਾ ਹੈ।

ਇਸਰੋ ਦੀ ਸੈਟੇਲਾਈਟ ਤਸਵੀਰ ਨੇ ਉੱਤਰਕਾਸ਼ੀ ਵਿੱਚ ਹੋਈ ਤਬਾਹੀ (Uttarkashi Cloudburst) ਨੂੰ ਦਿਖਾਇਆ ਹੈ। ਤਸਵੀਰਾਂ ਵਿੱਚ 20 ਹੈਕਟੇਅਰ ਦੇ ਖੇਤਰ ਵਿੱਚ ਮਲਬਾ ਫੈਲਿਆ ਹੋਇਆ ਦਿਖਾਇਆ ਗਿਆ ਹੈ। ਨਦੀ ਦਾ ਰਸਤਾ ਪੂਰੀ ਤਰ੍ਹਾਂ ਬਦਲ ਗਿਆ ਹੈ। ਬਹੁਤ ਸਾਰੀਆਂ ਇਮਾਰਤਾਂ ਡੁੱਬ ਗਈਆਂ ਹਨ ਅਤੇ ਕੁਝ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਤਸਵੀਰਾਂ ਵਿੱਚ ਧਾਰਲੀ ਪਿੰਡ ਦੀ ਤਬਾਹੀ ਸਾਫ਼ ਦਿਖਾਈ ਦੇ ਰਹੀ ਹੈ।
ਦੱਸ ਦਈਏ ਕਿ ਆਫ਼ਤ ਵਾਲੀ ਥਾਂ ‘ਤੇ ਪੁਲਿਸ, ਐਸਡੀਆਰਐਫ, ਐਨਡੀਆਰਐਫ, ਆਈਟੀਬੀਪੀ, ਫੌਜ, ਫਾਇਰ ਬ੍ਰਿਗੇਡ, ਆਦਿ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਆਫ਼ਤ ਪ੍ਰਭਾਵਿਤ ਖੇਤਰ ਵਿੱਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਆਈਟੀਬੀਪੀ ਮਾਤਲੀ ਪਹੁੰਚਾਉਣ ਦੀ ਪ੍ਰਕਿਰਿਆ ਸਵੇਰ ਤੋਂ ਹੀ ਜਾਰੀ ਹੈ। ਕੇਂਦਰ ਦੀ ਅੰਤਰ-ਮੰਤਰਾਲਾ ਟੀਮ ਅਗਲੇ ਹਫ਼ਤੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਇਸ ਟੀਮ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਮਾਹਿਰ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਬਚਾਅ ਅਤੇ ਰਾਹਤ ਕਾਰਜਾਂ ਲਈ ਰਣਨੀਤੀ ਤਿਆਰ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























