Punjab : ਭਲਕੇ 1 ਅਗਸਤ ਤੋਂ ਪੰਜਾਬ ਦੇ ਵਿਦਿਆਰਥੀ ਪੜ੍ਹਨਗੇ ਨਸ਼ਾ ਵਿਰੋਧੀ ਜਾਗਰੂਕਤਾ ਪਾਠਕ੍ਰਮ
CM ਮਾਨ ਅਰਨੀਵਾਲਾ ਤੋਂ ਇਸ ਪਾਠਕ੍ਰਮ ਦੀ ਕਰਨਗੇ ਰਸਮੀ ਸ਼ੁਰੂਆਤ

ਚੰਡੀਗੜ੍ਹ, 31 ਜੁਲਾਈ (ਵਿਸ਼ਵ ਵਾਰਤਾ): ਪੰਜਾਬ (Punjab) ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਨਾਲ ਉਸਾਰੇ ਮਹਿਲ ਢਾਹੇ ਜਾ ਰਹੇ ਹਨ ਅਤੇ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਪੰਜਾਬ (Punjab) ਦੇ ਸਰਕਾਰੀ ਸਕੂਲਾਂ ਵਿੱਚ 1 ਅਗਸਤ ਤੋਂ ਨਸ਼ਿਆਂ ਵਿਰੁੱਧ ਵਿਸ਼ੇ ਤੇ ਪੜਾਈ ਕਰਵਾਈ ਜਾਵੇਗੀ ਤਾ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਇਹ ਸਿਲੇਬਸ 9ਵੀਂ ਤੋਂ 12ਵੀਂ ਤੱਕ ਹੋਵੇਗਾ ਜਿਸ ਵਿੱਚ ਵੀਡੀਓ ਦਿਖਾਉਣ, ਕੁਇਜ਼ ਸੈਸ਼ਨ ਆਦਿ ਵਰਗੇ ਵੱਖ-ਵੱਖ ਤਰੀਕਿਆਂ ਨਾਲ ਸੈਸ਼ਨ ਹੋਣਗੇ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ, 3600 ਸਕੂਲਾਂ ਵਿੱਚ 9 ਹਜ਼ਾਰ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ। ਸੂਬੇ ਪੱਧਰ ‘ਤੇ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾਉਣ ਦੀ ਰਸਮੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 1 ਅਗਸਤ ਤੋਂ ਫਾਜ਼ਿਲਕਾ (Punjab) ਦੇ ਅਰਨੀਵਾਲਾ ਤੋਂ ਕਰਨਗੇ।
‘ਆਪ’ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪੰਜਾਬ ਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਤੇ ਰੰਗਲੇ ਪੰਜਾਬ ਦੀ ਸਿਰਜਣਾ ਦੇ ਸਟੈਂਡ ਦਾ ਮੁੜ ਪ੍ਰਗਟਾਵਾ ਕਰਦਿਆਂ ਸਪਸ਼ਟ ਕੀਤਾ ਕਿ ਨਸ਼ਿਆਂ ਦਾ ਖਾਤਮਾ ਕਰਕੇ ਹੀ ਮਾਨ ਸਰਕਾਰ ਦਮ ਲਏਗੀ ਅਤੇ ਪਹਿਲੀ ਮਾਰਚ ਤੋਂ ਵਿੱਢਿਆ ਯੁੱਧ ਨਸ਼ਿਆ ਵਿਰੁੱਧ ਪਹਿਲੀ ਅਗਸਤ ਤੋਂ ਤੀਸਰੇ ਪੜਾਅ ਚ ਦਾਖ਼ਲ ਹੋਣ ਜਾ ਰਿਹਾ ਹੈ। ਜਿਸ ਤਹਿਤ ਪਰਵਾਨ (ਜੁਆਨ) ਚੜ੍ਹ ਰਹੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਨਫਰਤ ਭਰੇ ਵਤੀਰੇ ਨਾਲ ਨਸ਼ਿਆਂ ਨੂੰ ਦੁਰਕਾਰੇ ਜਾਣ ਦੀ ਜ਼ਮੀਨੀ ਭਾਵਨਾ ਨਾਲ ਲਬਰੇਜ਼ ਕਰਨ ਹਿੱਤ ਸੂਬੇ ਭਰ ਦੇ ਸਕੂਲਾਂ ਚ ਨੌਵੀਂ ਤੋਂ 12 ਵੀਂ ਜਮਾਤ ਤੱਕ ਪੜ੍ਹਦੇ 8 ਲੱਖ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਦੇ ਪਾਠਕ੍ਰਮ ਚ ਨਿਵੇਕਲਾ ਨਸ਼ਿਆਂ ਵਿਰੁੱਧ ਜਾਗਰੂਕਤਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਸੱਪਸ਼ਟ ਕੀਤਾ ਕਿ ਸੂਬਾ ਪੱਧਰ ਤੇ ਇਹ ਪਾਠਕ੍ਰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਇਹ ਪਾਠਕ੍ਰਮ ਜਿਲ੍ਹਾ ਅੰਮ੍ਰਿਤਸਰ ਤੇ ਜ਼ਿਲ੍ਹਾ ਤਰਨਤਾਰਨ ਦੇ 78 ਸਕੂਲਾਂ ਦੇ 6900 ਵਿਦਿਆਰਥੀਆਂ ਚ ਵਿੱਤੀ ਸਾਲ 2024- 25 ਚ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਗਿਆ ਸੀ। ਜਿਸਦੇ ਬਹੁਤ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਤੀਸਰੇ ਪੜਾਅ ਚ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾ ਕੇ ਜਾਗਰੂਕ ਕਰਨ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਯੁੱਧ ਚ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਵਾਈ ਚ ਕੋਈ ਢਿੱਲ ਮੱਠ ਨਹੀਂ ਰਹੇਗੀ। ਉਹਨਾਂ ਕਿਹਾ ਕਿ ਸਰਕਾਰ ਕੋਲੋਂ ਨਸ਼ਾ ਤਸਕਰ ਆਪਣੀ ਪਛਾਣ ਨਹੀਂ ਛੁਪਾ ਸਕਦੇ ਕਿਉਂਕਿ ਸਰਕਾਰ ਨੇ ਖੁਫੀਆਂ ਸਰੋਤਾਂ ਰਾਹੀਂ ਪੰਜਾਬ ਨੂੰ ਤਬਾਹ ਕਰਨ ਚ ਤੁਲੇ ਤੇ ਪੰਜਾਬ ਨੂੰ ਛੱਡ ਕੇ ਬਾਹਰਲੇ ਸੂਬਿਆਂ ਚ ਚਲੇ ਗਏ ਨਸ਼ਾ ਤਸਕਰਾਂ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਅਜਿਹੇ ਅਨਸਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ ਲਈ ਯੋਜਨਾਵਾਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























