Cricket ਦਾ ਨਵਾਂ ਚਮਕਦਾ ਸਿਤਾਰਾ ਸ਼ੁਭਮਨ ਗਿੱਲ; ਸਰਹੱਦੀ ਪਿੰਡ ਤੋਂ ਉੱਠ ਕੇ ਕਿਵੇਂ ਪੁੱਜਿਆ ਕ੍ਰਿਕਟ ਦੇ ਸਿਖਰਾਂ ‘ਤੇ
– ਕਈ ਰਿਕਾਰਡ ਕੀਤੇ ਆਪਣੇ ਨਾਮ; ਪੜ੍ਹੋ ਪੂਰੀ ਖਬਰ

ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ): ਸ਼ੁਭਮਨ ਗਿੱਲ ਨੇ ਮੈਨਚੈਸਟਰ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਚੌਥੇ ਟੈਸਟ ਮੈਚ (Cricket) ਵਿੱਚ ਇਤਿਹਾਸ ਰਚ ਦਿੱਤਾ। ਅਸਮਾਨ ਵਿੱਚ ਭਾਰੀ ਬੱਦਲਾਂ ਅਤੇ ਆਲੋਚਨਾ ਦੇ ਵਿਚਕਾਰ ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਪਾਰੀ ਖੇਡੀ।
ਸ਼ੁਭਮਨ ਗਿੱਲ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਗਿੱਲ ਨੇ ਐਂਡਰਸਨ-ਤੇਂਦੁਲਕਰ ਟਰਾਫੀ ਦੌਰਾਨ ਹੁਣ ਤੱਕ 4 ਮੈਚਾਂ ਦੀਆਂ 8 ਪਾਰੀਆਂ ਵਿੱਚ 722 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 269 ਹੈ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ ਚਾਰ ਸੈਂਕੜੇ ਲਗਾਏ ਹਨ।
ਇਨ੍ਹਾਂ ਹੀ ਨਹੀਂ, ਸ਼ੁਭਮਨ ਗਿੱਲ ਕਪਤਾਨ ਵਜੋਂ ਆਪਣੀ ਪਹਿਲੀ ਟੈਸਟ ਲੜੀ ਵਿੱਚ 4 ਸੈਂਕੜੇ ਲਗਾਉਣ ਵਾਲੇ ਪਹਿਲੇ ਕਪਤਾਨ ਵੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ, ਸਿਰਫ਼ 5 ਖਿਡਾਰੀਆਂ, ਵਾਰਵਿਕ ਆਰਮਸਟ੍ਰਾਂਗ, ਡੌਨ ਬ੍ਰੈਡਮੈਨ, ਗ੍ਰੇਗ ਚੈਪਲ, ਵਿਰਾਟ ਕੋਹਲੀ ਅਤੇ ਸਟੀਵ ਸਮਿਥ ਨੇ ਕਪਤਾਨ ਵਜੋਂ ਆਪਣੀ ਪਹਿਲੀ ਟੈਸਟ ਲੜੀ ਵਿੱਚ 3-3 ਸੈਂਕੜੇ ਲਗਾਏ ਸਨ।
ਦੱਸ ਦਈਏ ਕਿ ਸ਼ੁਭਮਨ ਗਿਲ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਚੱਕ ਜੈਮਲ ਸਿੰਘ ਵਿੱਚ 8 ਸਤੰਬਰ 1999 ਨੂੰ ਜਨਮੇ। ਉਨ੍ਹਾਂ ਦੇ ਪਿਤਾ ਲਖਵਿੰਦਰ ਸਿੰਘ ਇੱਕ ਕਿਸਾਨ ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਪੁੱਤਰ ਦੀ ਕ੍ਰਿਕਟ ਵਿਚ ਰੁਚੀ ਦੇਖ ਕੇ ਉਸਨੂੰ ਪੂਰਾ ਸਹਿਯੋਗ ਦਿੱਤਾ। ਬਚਪਨ ਤੋਂ ਹੀ ਗਿਲ ਦਾ ਮਨ ਕ੍ਰਿਕਟ ਵਿੱਚ ਸੀ ਅਤੇ ਉਹ ਘੰਟਿਆਂ ਤੱਕ ਨੈੱਟਸ ਵਿੱਚ ਮਿਹਨਤ ਕਰਦੇ ਰਹਿੰਦੇ ਸਨ।
ਸ਼ੁਭਮਨ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ 2019 ਵਿੱਚ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਟੈਲੈਂਟ ਨਾਲ ਹਰ ਕਿਸੇ ਨੂੰ ਪ੍ਰਭਾਵਤ ਕੀਤਾ। 2023 ਦੇ IPL ਵਿੱਚ ਉਨ੍ਹਾਂ ਨੇ ਗੁਜਰਾਤ ਟਾਈਟਨਜ਼ ਵੱਲੋਂ ਖੇਡਦਿਆਂ 890 ਦੌੜਾਂ ਬਣਾਈਆਂ ਅਤੇ ਓਰੇਂਜ ਕੈਪ ਆਪਣੇ ਨਾਮ ਕੀਤੀ। ਇਹ ਸੀਜ਼ਨ ਉਨ੍ਹਾਂ ਲਈ ਬੇਹੱਦ ਜ਼ਬਰਦਸਤ ਰਿਹਾ।
ਮਈ 2025 ਵਿੱਚ ਉਨ੍ਹਾਂ ਨੂੰ ਭਾਰਤ ਦੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ। ਇਸ ਨਵੇਂ ਰੋਲ ਵਿੱਚ ਵੀ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਦਿੱਤਾ। ਉਨ੍ਹਾਂ ਨੇ ਲੰਡਨ ਦੇ ਲਾਰਡਜ਼ ਮੈਦਾਨ ਤੇ 127 ਦੌੜਾਂ ਅਤੇ ਐਜਬੈਸਟਨ ਵਿੱਚ 269 ਦੌੜਾਂ ਦੀ ਮਹਾਨ ਪਾਰੀ ਖੇਡ ਕੇ ਦੱਸ ਦਿੱਤਾ ਕਿ ਉਹ ਸਿਰਫ਼ ਭਵਿੱਖ ਨਹੀਂ, ਵਰਤਮਾਨ ਵੀ ਹਨ। ਗਿਲ ਨੇ ਆਪਣੀ ਪਹਿਲੀ 50 ODI ਪਾਰੀਆਂ ਵਿੱਚ 2587 ਦੌੜਾਂ ਬਣਾਈਆਂ, ਜੋ ਕਿ ਵਿਰਾਟ ਕੋਹਲੀ ਅਤੇ ਹਾਸਿਮ ਅਮਲਾ ਵਰਗੇ ਮਹਾਨ ਖਿਡਾਰੀਆਂ ਤੋਂ ਵੀ ਵਧੀਆਂ ਹਨ। ਇਹ ਉਨ੍ਹਾਂ ਦੀ ਕਲਾਸ, ਸਥਿਰਤਾ ਅਤੇ ਮਿਹਨਤ ਦਾ ਨਤੀਜਾ ਹੈ।
ਸ਼ੁਭਮਨ ਗਿਲ ਦੀ ਪੰਜਾਬੀ ਜੜ੍ਹ ਨਾਲ ਗਹਿਰੀ ਸਾਂਝ ਹੈ। ਉਹ ਕਈ ਵਾਰੀ ਇੰਟਰਨੈਸ਼ਨਲ ਦੌਰਿਆਂ ’ਤੇ ਅਰਸ਼ਦੀਪ ਸਿੰਘ ਨਾਲ ਪੰਜਾਬੀ ਵਿੱਚ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ। ਸਾਡੀ ਭਾਸ਼ਾ ਲਈ ਉਨ੍ਹਾਂ ਦੀ ਇਹ ਪਿਆਰ ਭਰਪੂਰ ਭਾਵਨਾ ਉਨ੍ਹਾਂ ਨੂੰ ਪੰਜਾਬੀ ਜਵਾਨਾਂ ਵਿਚ ਇੱਕ ਆਈਕਨ ਬਣਾਉਂਦੀ ਹੈ।
ਸ਼ੁਭਮਨ ਗਿੱਲ ਨੂੰ ਕਈ ਇਨਾਮ ਵੀ ਮਿਲੇ ਹਨ ਜਿਵੇਂ ਕਿ 2022-23 ਲਈ BCCI ਵੱਲੋਂ Polly Umrigar Award (ਸਾਲ ਦਾ ਸਭ ਤੋਂ ਵਧੀਆ ਅੰਤਰਰਾਸ਼ਟਰੀ ਖਿਡਾਰੀ)। ਇਨ੍ਹਾਂ ਇਨਾਮਾਂ ਦੇ ਨਾਲ ਨਾਲ ਉਹ ਅਜੇ ਵੀ ਨਵੇਂ ਰਿਕਾਰਡ ਬਣਾਉਣ ਵਿੱਚ ਲੱਗੇ ਹੋਏ ਹਨ।
ਸ਼ੁਭਮਨ ਗਿਲ ਸਿਰਫ਼ ਇੱਕ ਕ੍ਰਿਕਟਰ ਨਹੀਂ, ਸਗੋਂ ਪੰਜਾਬੀ ਨੌਜਵਾਨੀ ਲਈ ਉਮੀਦ ਦੀ ਇੱਕ ਨਵੀਂ ਚਮਕ ਹਨ। ਉਹ ਇਹ ਦਰਸਾਉਂਦੇ ਹਨ ਕਿ ਜੇ ਮਿਹਨਤ, ਜਜ਼ਬਾ ਅਤੇ ਧੀਰਜ ਹੋਵੇ ਤਾਂ ਕੋਈ ਵੀ ਵਿਅਕਤੀ ਪਿੰਡ ਤੋਂ ਚੱਲ ਕੇ ਵਿਸ਼ਵ ਪੱਧਰ ਤੱਕ ਆਪਣੀ ਪਛਾਣ ਬਣਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























