-ਮਾਮਲਾ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ‘ਚ ਡਾ. ਦਲਜੀਤ ਸਿੰਘ ਚੀਮਾ ਦੀ ਭੂਮਿਕਾ ਦਾ
ਅਮਨ ਅਰੋੜਾ ਨੇ ਜਾਂਚ ਨੂੰ ਜ਼ਰੂਰੀ ਦੱਸਿਆ
ਮੋਹਾਲੀ/ਚੰਡੀਗੜ੍ਹ, 28 ਦਸੰਬਰ 2018 –ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ‘ਚ ਤਤਕਾਲੀ ਅਕਾਲੀ ਮੰਤਰੀ ਦਲਜੀਤ ਸਿੰਘ ਚੀਮਾ ਦੀ ਭੂਮਿਕਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਦਿੱਤੀ ਗਈ ਦਰਖਾਸਤ ਉੱਤੇ ਕਾਰਵਾਈ ਕਰਦੇ ਹੋਏ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਮੁਹਾਲੀ ਵਿਖੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਮਰਜੀਤ ਸਿੰਘ ਸੰਦੋਆ ਦੇ ਬਿਆਨ ਦਰਜ਼ ਕਰਵਾ ਲਏ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਵੀ ਮੌਜੂਦ ਸਨ।
ਸਿਟ ਦੇ ਅਧਿਕਾਰੀਆਂ ਕੋਲ ਬਿਆਨ ਦਰਜ਼ ਕਰਵਾਉਣ ਉਪਰੰਤ ਅਮਰਜੀਤ ਸਿੰਘ ਸੰਦੋਆ ਨੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਨੂੰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸਿਰਸਾ ਨੂੰ ਮੁਆਫ਼ੀ ਨਾਮੇ ਸਮੇਤ ਸਮੁੱਚੇ ਘਟਨਾਕ੍ਰਮ ਦਾ ‘ਮਾਸਟਰ ਮਾਇੰਡ’ ਕਰਾਰ ਦਿੱਤਾ। ਸੰਦੋਆ ਨੇ ਕਿਹਾ ਕਿ ਬਾਦਲਾਂ ਨੇ ਸਾਰੇ ‘ਪਾਪ’ ਡਾ. ਦਲਜੀਤ ਸਿੰਘ ਚੀਮਾ ਰਾਹੀਂ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ (ਸੰਦੋਆ) ਨੇ ਪੰਜਾਬ ਵਿਧਾਨ ਸਭਾ ‘ਚ ਵੀ ਇਹ ਮੰਗ ਕੀਤੀ ਸੀ ਕਿ ਡਾ. ਦਲਜੀਤ ਸਿੰਘ ਚੀਮਾ ‘ਤੇ ਵੀ ਪਰਚਾ ਦਰਜ਼ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ 4 ਦਸੰਬਰ ਨੂੰ ਸਿਟ ਕੋਲ ਅਰਜ਼ੀ ਦਿੱਤੀ ਸੀ, ਜਿਸ ‘ਤੇ ਅੱਜ ਬਿਆਨ ਦਰਜ਼ ਕਰਾਉਣ ਲਈ ਬੁਲਾਇਆ ਗਿਆ ਸੀ। ਸੰਦੋਆ ਨੇ ਦੱਸਿਆ ਕਿ ਉਹ ਡਾ. ਦਲਜੀਤ ਸਿੰਘ ਚੀਮਾ ਦੀ ਭੂਮਿਕਾ ਬਾਰੇ ਠੋਕ ਕੇ ਬਿਆਨ ਦਰਜ਼ ਕਰਵਾ ਕੇ ਆਏ ਹਨ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਡੇਰਾ ਸਿਰਸਾ ਨੂੰ ਮੁਆਫ਼ੀ ਨਾਮੇ ਤੋਂ ਲੈ ਕੇ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ‘ਚ ਡਾ. ਦਲਜੀਤ ਸਿੰਘ ਦੀ ਭੂਮਿਕਾ ਜਾਂਚ ਦੇ ਘੇਰੇ ‘ਚ ਲਿਆਉਣੀ ਜ਼ਰੂਰੀ ਹੈ। ਤਤਕਾਲੀ ਅਕਾਲੀ ਵਿਧਾਇਕ ਪ੍ਰਗਟ ਸਿੰਘ (ਜੋ ਹੁਣ ਕਾਂਗਰਸੀ ਵਿਧਾਇਕ ਹਨ) ਨੇ ਦਸ ਦੇ ਕਰੀਬ ਵਿਧਾਇਕਾਂ ਦੀ ਹਾਜ਼ਰੀ ਦਾ ਹਵਾਲਾ ਦਿੰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਦੀ ਮੁਆਫ਼ੀ ਨਾਮੇ ਸੰਬੰਧੀ ਭੂਮਿਕਾ ਦਾ ਖ਼ੁਲਾਸਾ ਕੀਤਾ ਸੀ। ਇਹਨਾਂ ਹੀ ਨਹੀਂ ਅਕਸ਼ੈ ਕੁਮਾਰ ਨਾਲ ਮੁਲਾਕਾਤ ਸਮੁੱਚੇ ਕਾਂਡ ‘ਚ ਚੀਮਾ ਦੀ ਭੂਮਿਕਾ ਇਸ ਕਰ ਕੇ ਰਹੀ ਕਿਉਂਕਿ ਚੀਮਾ ਬਾਦਲ ਪਰਿਵਾਰ ਦੇ ਅਤੀ ਨਜ਼ਦੀਕੀਆਂ ‘ਚ ਸ਼ੁਮਾਰ ਹਨ।
ਅਮਨ ਅਰੋੜਾ ਨੇ ਉਮੀਦ ਜਤਾਈ ਕਿ ਸਿਟ ਇਸ ਸੰਬੰਧੀ ਸਹੀ ਦਿਸ਼ਾ ‘ਚ ਜਾਂਚ ਕਰੇਗੀ ਤਾਂ ਕਿ ਉਸ ਬੱਜਰ ਗੁਨਾਹ ਦਾ ਕੋਈ ਵੀ ਸਿੱਧਾ-ਅਸਿੱਧਾ ਦੋਸ਼ੀ ਬਣਦੀ ਸਜਾ ਤੋਂ ਬਚ ਨਾ ਸਕੇ। ਇਸ ਮੌਕੇ ‘ਆਪ’ ਦੇ ਬੁਲਾਰੇ ਨੀਲ ਗਰਗ, ਮੁਹਾਲੀ ਦੇ ਉਪ ਪ੍ਰਧਾਨ ਦਿਲਾਵਰ ਸਿੰਘ, ਆਈਟੀਵਿੰਗ ਦੀ ਮੈਂਬਰ ਪ੍ਰਭਜੋਤ ਕੌਰ ਅਤੇ ਜਸਪਾਲ ਕਾਉਣੀ ਵੀ ਹਜ਼ਾਰ ਸਨ।