CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
– “ਨਸ਼ੇ ਦੇ ਮਾਮਲੇ ‘ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ”- ਮੁੱਖ ਮੰਤਰੀ

ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ): ਬੀਤੇ ਦਿਨ ਵਿਜੀਲੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ। ਉਨ੍ਹਾਂ ‘ਤੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਉਣ ਦਾ ਦੋਸ਼ ਹੈ। ਬਿਕਰਮ ਮਜੀਠੀਆ ‘ਤੇ ਹੋਈ ਕਾਰਵਾਈ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਕਈ ਤਰਾਂ ਦੇ ਸਵਾਲ ਚੁੱਕੇ ਜਾ ਰਹੇ ਸਨ।
ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਮੁੱਖ ਮੰਤਰੀ (CM) ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਲੋਕ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਛੋਟੀਆਂ ਮੱਛੀਆਂ ਨੂੰ ਹੱਥ ਪਾਉਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ ਮੱਛੀਆਂ ਕਿਸੇ ਵੀ ਗਲਤਫ਼ਹਿਮੀ ‘ਚ ਨਾ ਰਹਿਣ,ਅਸੀਂ ਪੱਕੇ ਪੈਰੀਂ ਕਾਗਜ਼ ਪੂਰੇ ਕਰਕੇ ਕਾਰਵਾਈ ਕਰ ਰਹੇ ਹਾਂ ।
ਉਨਾਂ ਕਿਹਾ ਕਿ ਨਸ਼ੇ ਦੇ ਮਾਮਲੇ ‘ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਹੁਣ ਤੱਕ ਜੇਲ੍ਹ ਜਾਣ ਵਾਲੇ 80-90% ਲੋਕਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ। ਹੁਣ ਜੋ ਲੋਕ ਵੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਹੇ ਹਨ ਉਹ ਵੀ ਦੋਸ਼ੀ ਹਨ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪਵੇਗਾ। ਕੋਈ ਵੀ ਆਪਣੇ ਦਿਲ ਵਿੱਚ ਇਹ ਗਲਤਫਹਿਮੀ ਨਾ ਰੱਖੇ ਕਿ ਜੇ ਕਿਸੇ ਦਾ ਬਹੁਤ ਪ੍ਰਭਾਵ ਹੈ, ਜਾਂ ਕੋਈ ਬਹੁਤ ਵੱਡਾ ਬੰਦਾ ਹੈ ਤਾਂ ਉਸਨੂੰ ਬਖਸ਼ਿਆ ਜਾਵੇਗਾ। ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਚ ਮੈਂ ਕਿਸੇ ‘ਤੇ ਤਰਸ ਨਹੀਂ ਕਰਾਂਗਾ, ਭਾਵੇਂ ਜੋ ਮਰਜ਼ੀ ਹੋ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























