Punjab: ਲੁਧਿਆਣਾ ‘ਚ ਵੱਡੀ ਵਾਰਦਾਤ: ਨੀਲੇ ਡਰੰਮ ‘ਚੋਂ ਮਿਲੀ ਵਿਅਕਤੀ ਦੀ ਲਾਸ਼
– ਇਲਾਕੇ ‘ਚ ਫੈਲੀ ਦਹਿਸ਼ਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਲੁਧਿਆਣਾ, 26 ਜੂਨ (ਵਿਸ਼ਵ ਵਾਰਤਾ): ਲੁਧਿਆਣਾ (Punjab) ‘ਚ ਇਕ ਵਿਅਕਤੀ ਦੀ ਲਾਸ਼ ਨੀਲੇ ਰੰਗ ਦੇ ਡਰੰਮ ਵਿੱਚੋਂ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ੇਰਪੁਰਾ ‘ਚ ਲਾਸ਼ ਡਰੰਮ ਅੰਦਰ ਪਲਾਸਟਿਕ ਦੇ ਥੈਲੇ ਵਿੱਚ ਲਪੇਟੀ ਹੋਈ ਸੀ। ਵਿਅਕਤੀ ਦੀ ਲੱਤ ਅਤੇ ਗਰਦਨ ਰੱਸੀ ਨਾਲ ਬੰਨ੍ਹੀ ਹੋਈ ਮਿਲੀ। ਇਲਾਕੇ ‘ਚ ਬਦਬੂ ਫੈਲਣ ‘ਤੇ ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚਓ ਅਨੁਸਾਰ, ਮ੍ਰਿਤਕ ਪ੍ਰਵਾਸੀ ਜਾਪਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਤਲ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਸੀ। ਕਤਲ ਤੋਂ ਪਹਿਲਾਂ ਡਰੰਮ ਨੂੰ ਵੀ ਨਵਾਂ ਖਰੀਦਿਆ ਗਿਆ ਸੀ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 5 ਕਿਲੋਮੀਟਰ ਤੱਕ ਦੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ ਦੀ ਵੀ ਮਦਦ ਲੈ ਰਹੀ ਹੈ।























