Big Breaking: ਈਰਾਨ- ਇਜ਼ਰਾਈਲ ਵਿਚਾਲੇ ਰੁਕ ਗਈ ਜੰਗ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ
ਈਰਾਨ ਨੇ ਟਰੰਪ ਦੇ ਦਾਅਵੇ ਨੂੰ ਨਕਾਰਿਆ, ਜਾਣੋ ਕੀ ਕਿਹਾ

ਨਵੀ ਦਿੱਲੀ, 24 (ਵਿਸ਼ਵ ਵਾਰਤਾ): ਬੀਤੇ 13 ਜੂਨ ਨੂੰ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਕਈ ਹਮਲੇ ਕੀਤੇ। ਇਸ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਪਿਛਲੇ 12 ਦਿਨਾਂ ਤੋਂ ਟਕਰਾਅ ਜਾਰੀ ਹੈ। ਇਸ ਵਿਚਾਲੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਪੂਰੀ ਤਰ੍ਹਾਂ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ। ਦੋਵੇਂ ਦੇਸ਼ ਮੱਧ ਪੂਰਬ ਵਿੱਚ ਸ਼ਾਂਤੀ ਬਹਾਲ ਕਰਨ ਲਈ ਸਹਿਮਤ ਹੋਏ ਹਨ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਪੋਸਟ ਕੀਤਾ ਕੀ “ਸਾਰਿਆਂ ਨੂੰ ਵਧਾਈਆਂ! ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਸੰਪੂਰਨ ਅਤੇ ਅੰਤਿਮ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ। ਜੰਗਬੰਦੀ ਛੇ ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ ਅਤੇ ਈਰਾਨ ਨੂੰ ਪਹਿਲਾਂ ਇਸ ਦੀ ਪਾਲਣਾ ਕਰਨੀ ਪਵੇਗੀ। ਈਰਾਨ ਵੱਲੋਂ ਜੰਗਬੰਦੀ ਦੀ ਪਾਲਣਾ ਕਰਨ ਤੋਂ ਬਾਅਦ, ਅਗਲੇ 12 ਘੰਟਿਆਂ ਬਾਅਦ ਇਜ਼ਰਾਈਲ ਵੀ ਜੰਗਬੰਦੀ ਵਿੱਚ ਸ਼ਾਮਲ ਹੋ ਜਾਵੇਗਾ। 24 ਘੰਟਿਆਂ ਬਾਅਦ ਜੰਗ ਨੂੰ ਰਸਮੀ ਤੌਰ ‘ਤੇ ਖਤਮ ਮੰਨਿਆ ਜਾਵੇਗਾ।”
ਤੇ ਓਧਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਜ਼ਰਾਈਲ ਨਾਲ ਜੰਗਬੰਦੀ ਦੀਆਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨਾਲ ਅਜੇ ਤੱਕ ਕੋਈ ਅੰਤਿਮ ਜੰਗਬੰਦੀ ਸਮਝੌਤਾ ਨਹੀਂ ਹੋਇਆ ਹੈ। ਜੇਕਰ ਇਜ਼ਰਾਈਲ ਈਰਾਨੀਆਂ ‘ਤੇ ਆਪਣੇ ਗੈਰ-ਕਾਨੂੰਨੀ ਹਮਲੇ ਬੰਦ ਕਰ ਦਿੰਦਾ ਹੈ, ਤਾਂ ਈਰਾਨ ਜਵਾਬੀ ਕਾਰਵਾਈ ਜਾਰੀ ਨਹੀਂ ਰੱਖੇਗਾ।
ਦੱਸ ਦਈਏ ਕਿ ਟਰੰਪ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਨੇ ਕਤਰ ਵਿੱਚ ਅਮਰੀਕੀ ਅਲ-ਉਦੀਦ ਹਵਾਈ ਫੌਜੀ ਅੱਡੇ ‘ਤੇ 19 ਮਿਜ਼ਾਈਲਾਂ ਦਾਗੀਆਂ ਸਨ। ਹਾਲਾਂਕਿ, ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਈਰਾਨ ਨੇ ਹਮਲੇ ਤੋਂ ਪਹਿਲਾਂ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਸੀ।























