ਚੰਡੀਗੜ੍ਹ, 22 ਦਸਬੰਰ (ਵਿਸ਼ਵ ਵਾਰਤਾ)– ਸਿਹਤ ਵਿਭਾਗ ਪੰਜਾਬ ਵਿਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੀ ਉਹਨਾਂ ਦੇ ਕੋਟੇ (15 ਫੀਸਦੀ) ਅਧੀਨ ਕਲਰਕਾਂ ਦੀਆਂ ਆਸਾਮੀਆਂ ਉਪਰ ਤਰੱਕੀ ਕਰਨ ਹਿੱਤ 15 ਨਵੰਬਰ 2018 ਨੂੰ ਲਏ ਗਏ ਅੰਗਰੇਜੀ ਅਤੇ ਪੰਜਾਬੀ ਟਾਈਪ ਟੈਸਟ ਮਗਰੋਂ ਵਿਭਾਗ ਵਲੋਂ ਟਾਈਪ ਟੈਸਟ ਦੀਆਂ ਸ਼ਰਤਾਂ ਵਿਚ ਨਿਯਮਾਂ ਦੀ ਉਲੰਘਣਾ ਕਰ ਢਿੱਲ ਦੇਣ ਲਈ 20 ਨਵੰਬਰ ਨੂੰ ਆਰੰਭੀ ਗਈ ਪਰਕਿਰਿਆ ਨੂੰ ਦਰਜਾ-4 ਕਰਮਚਾਰੀਆਂ ਵਲੋਂ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ।
ਈ.ਐਸ.ਆਈ. ਹਸਪਤਾਲ, ਅੰਮ੍ਰਿਤਸਰ ਵਿਖੇ ਤੈਨਾਤ ਰਾਕੇਸ਼ ਕੁਮਾਰ ਅਤੇ ਹੋਰਨਾਂ ਵੱਲੋਂ ਆਪਣੇ ਵਕੀਲ ਰੰਜੀਵਨ ਸਿੰਘ ਰਾਹੀਂ ਦਾਇਰ ਪਟੀਸ਼ਨ ਰਾਹੀਂ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ 15% ਕੋਟੇ ਅਧੀਨ ਯੋਗ ਦਰਜਾ ਚਾਰ ਤੋਂ ਕਲਰਕ ਦੀ ਅਸਾਮੀਆਂ ਦੀ ਤਰੱਕੀ ਲਈ 15 ਨਵੰਬਰ ਨੂੰ ਅੰਗਰੇਜੀ ਅਤੇ ਪੰਜਾਬੀ ਦਾ ਟਾਇਪ ਟੈਸਟ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਲਿਆ ਗਿਆ ਸੀ ਜਿਸ ਵਿੱਚ ਵਿਭਾਗੀ ਨਿਯਮਾਂ ਤਹਿਤ 30 ਸ਼ਬਦ ਪ੍ਰਤੀ ਮਿੰਟ ਅਤੇ 8% ਤੋਂ ਘੱਟ ਗਲਤੀਆਂ ਕਰਨ ਵਾਲੇ ਉਮੀਦਵਾਰ, ਸਮੇਤ ਪਟੀਸ਼ਨਰ ਮੌਕੇ ਉਪਰ ਹੀ ਯੋਗ ਘੋਸ਼ਿਤ ਕੀਤੇ ਗਏ ਸਨ, ਪ੍ਰੰਤੂ ਪਟੀਸ਼ਨਰਾਂ ਨੂੰ ਕਲਰਕਾਂ ਦੀ ਅਸਾਮੀ ਉਪਰ ਪੱਦ ਉਨਤ ਕਰਨ ਦੀ ਬਜਾਏ ਵਿਭਾਗ ਵੱਲੋਂ ਨਿਯਮਾਂ ਅਧੀਨ ਅਯੋਗ ਉਮੀਦਵਾਰਾਂ ਨੂੰ ਤਰੱਕੀਆਂ ਪ੍ਰਦਾਨ ਕਰਨ ਹਿੱਤ ਇਕ ਦਿਨ ਦੇ ਅੰਦਰ ਅੰਦਰ ਹੀ ਟਾਈਪ ਟੈਸਟ ਵਿੱਚ ਪਾਸ ਹੋਣ ਲਈ ਨਿਯਮਾਂ ਅਧੀਨ ਨਿਰਧਾਰਿਤ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਦੀ ਬਜਾਏ 25 ਸ਼ਬਦ ਪ੍ਰਤੀ ਮਿੰਟ ਅਤੇ ਗਲਤੀਆਂ ਦੀਆਂ ਸੀਮਾ 8% ਤੋਂ ਵਧਾ ਕੇ 15% ਕਰਨ ਦੀ ਤਜਵੀਜ ਪ੍ਰਮੁੱਖ ਸਕੱਤਰ ਸਿਹਤ ਰਾਹੀਂ ਸਿਹਤ ਮੰਤਰੀ ਪੰਜਾਬ ਤੱਕ ਪੁੱਜਦੀ ਕਰ ਦਿੱਤੀ ਗਈ| ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਮੇਂ ਸਮੇਂ ਦਿਤੇ ਗਏ ਅਦਾਲਤੀ ਫੈਸਲਿਆਂ ਦੀ ਰੌਸ਼ਨੀ ਵਿੱਚ ਚੋਣ ਪ੍ਰੀਕ੍ਰਿਆ ਸ਼ੁਰੂ ਹੋਣ ਮਗਰੋਂ ਭਰਤੀ ਦੇ ਨਿਯਮਾਂ/ਸ਼ਰਤਾਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਜਾ ਸਕਦੀ, ਪਰ ਅਜਿਹੀ ਗੈਰ ਕਾਨੂੰਨੀ ਤਜਵੀਜ ਉੱਚ ਅਧਿਕਾਰੀਆਂ ਵੱਲੋਂ ਆਪਣੇ ਚਹੇਤਿਆਂ ਨੂੰ ਤਰੱਕੀਆਂ ਦੇਣ ਹਿੱਤ ਆਰੰਭੀ ਗਈ ਹੈ|