Punjab : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ CM ਮਾਨ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ

ਲੁਧਿਆਣਾ, 19 ਜੂਨ (ਵਿਸ਼ਵ ਵਾਰਤਾ): ਪੰਜਾਬ (Punjab) ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 9:30 ਵਜੇ ਤੱਕ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ
ਉਨ੍ਹਾਂ ਕਿਹਾ ਕਿ “ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਿਓ। ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਤੁਸੀਂ ਆਪਣਾ ਬਣਦਾ ਫ਼ਰਜ਼ ਨਿਭਾਓ। ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਇਓ।”
ਦੱਸ ਦਈਏ ਕਿ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਪਣੀ ਵੋਟ ਪਾਉਣ ਲਈ ਮਾਲਵਾ ਸਕੂਲ ਗਏ ਜਦੋਂ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਜੈਨ ਸਕੂਲ ਵਿਖੇ ਵੋਟ ਪਾਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਆਪਣੇ ਪਰਿਵਾਰ ਨਾਲ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵੋਟ ਪਾਉਣ ਗਏ ਸਨ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ “ਅੱਜ ਆਪਣੇ ਪਰਿਵਾਰ ਦੇ ਨਾਲ ਸਥਾਨਕ ਵੋਟਿੰਗ ਬੂਥ ‘ਤੇ ਜਾ ਕੇ ਆਪਣੇ ਲੋਕਤੰਤਰਕ ਹੱਕ ਦੀ ਵਰਤੋਂ ਕੀਤੀ। ਹਰ ਇੱਕ ਵੋਟ ਮਾਇਨੇ ਰੱਖਦੀ ਹੈ। ਅਸੀਂ ਆਪਣੀ ਵੋਟ ਇੱਕ ਮਜ਼ਬੂਤ,ਸਥਿਰ ਅਤੇ ਤਰੱਕੀਸ਼ੀਲ ਲੁਧਿਆਣਾ ਲਈ ਪਾਈ ਹੈ। ਆਓ ਅਸੀਂ ਸਾਰੇ ਮਿਲ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਈਏ ਤੇ ਆਪਣੇ ਸ਼ਹਿਰ ਦੇ ਵਿਕਾਸ ਨੂੰ ਚੌਗੁਣੀ ਤਰੱਕੀ ਦਈਏ। ਘਰੋਂ ਨਿਕਲੋ, ਵੋਟ ਪਾਓ — ਤੁਹਾਡੀ ਵੋਟ ਤੁਹਾਡੀ ਆਵਾਜ਼ ਵੀ ਹੈ, ਤੁਹਾਡਾ ਭਵਿੱਖ ਹੈ।”






















