Punjab ਵਿੱਚ Verka milk ਦੀਆਂ 2 ਰੁਪਏ ਲੀਟਰ ਕੀਮਤਾਂ ਵਧਾਈਆਂ,ਭਲਕੇ ਤੋਂ ਨਵੇਂ ਰੇਟ ਹੋਣਗੇ ਲਾਗੂ,
ਭਾਰੀ ਗਰਮੀ ਕਾਰਨ ਲਵੇਰਿਆਂ ਦਾ ਦੁੱਧ ਉਤਪਾਦਨ ਘੱਟਣ ਲੱਗਿਆ
ਮਾਨਸਾ, 29 ਅਪਰੈਲ (ਵਿਸ਼ਵ ਵਾਰਤਾ):- Punjab ਸਮੇਤ Chandigarh ਵਿੱਚ ਵੇਰਕਾ ਵੱਲੋਂ ਭਲਕੇ 30 ਅਪਰੈਲ ਤੋਂ ਦੁੱਧ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਮਿਲਕ ਫੈਡ ਦੇ ਵੇਰਕਾ ਨੇ ਆਪਣੇ ਖਪਤਕਾਰਾਂ ਨੂੰ ਤਕੜਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਨੂੰ ਪ੍ਰਤੀ ਲੀਟਰ ਦੋ ਰੁਪਏ ਵਧਾਇਆ ਗਿਆ ਹੈ। ਦੂਜੇ ਪਾਸੇ ਉਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਦਿਹਾਤੀ ਖੇਤਰ ਵਿੱਚ ਦੁੱਧ ਦੀ ਥੁੜ ਪੈਦਾ ਹੋਣ ਲੱਗੀ ਹੈ।
ਵੇਰਕਾ ਦੇ ਮਾਨਸਾ ਸਥਿਤ ਵਿਕਰੇਤਾ ਡੀਲਰ ਸ਼ਿਵ ਕੁਮਾਰ ਨੇ ਦੱਸਿਆ ਕਿ ਹੁਣ ਨਵੀਆਂ ਕੀਮਤਾਂ ਦੁੱਧ ਪ੍ਰਤੀ ਲੀਟਰ ਫੁੱਲ ਕਰੀਮ 69 ਰੁਪਏ, 500 ਐਮ.ਐਲ 35 ਰੁਪਏ, ਲੀਟਰ ਸਟੈਂਡਡ ਮਿਲਕ ਦਾ ਨਵਾਂ ਮੁੱਲ 63 ਰੁਪਏ, ਅੱਧਾ ਲੀਟਰ ਸਟੈਂਡਡ ਮਿਲਕ 32 ਰੁਪਏ ਲਾਗੂ ਕਰ ਦਿੱਤਾ ਗਿਆ ਹੈ।ਇਸੇ ਤਰ੍ਹਾਂ ਵੇਰਕਾ ਦਾ ਡਬਲ ਟਾਊਨ ਮਿਲਕ 500 ਐਮ.ਐਲ ਦਾ ਰੇਟ ਹੁਣ 26 ਰੁਪਏ ਹੋ ਗਿਆ ਹੈ।
ਉਧਰ ਵੇਰਕਾ ਦੇ ਬਰਾਬਰ ਦੁੱਧ ਵੇਚਣ ਵਾਲੀਆਂ ਕੰਪਨੀਆਂ ਅਮੂਲ ਅਤੇ ਮਦਰ ਡੇਅਰੀ ਅਜੇ ਤੱਕ ਦੁੱਧ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ ਹਨ। ਜਾਪਦਾ ਹੈ ਕਿ ਇਨ੍ਹਾਂ ਵੱਲੋਂ ਇੱਕ-ਦੋ ਦਿਨਾਂ ਤੱਕ ਕੀਮਤਾਂ ਨੂੰ ਵਧਾਇਆ ਜਾ ਸਕਦਾ ਹੈ।
ਉਧਰ ਵੇਰਕਾ ਦੇ ਬਠਿੰਡਾ ਪਲਾਂਟ ਸਥਿਤ ਉਚ ਅਧਿਕਾਰੀਆਂ ਨੇ ਦੱਸਿਆ ਕਿ ਬਜ਼ਾਰ ਵਿੱਚ ਪਸ਼ੂਆਂ ਦਾ ਹਰਾ ਚਾਰਾ, ਪਸ਼ੂ ਖੁਰਾਕ, ਤੂੜੀ ਦੇ ਭਾਅ ਉੱਚੇ ਚੜ੍ਹਨ ਕਾਰਨ ਕੀਮਤਾਂ ਨੂੰ ਵਧਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕ ਲੰਬੇ ਸਮੇਂ ਤੋਂ ਭਾਅ ਵਧਾਉਣ ਦੀ ਮੰਗ ਕਰ ਰਹੇ ਸਨ।
ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਪਸ਼ੂਆਂ ਦੀ ਫੀਡ ਅਤੇ ਫੀਡ ਦੀ ਕੀਮਤ ਵਿੱਚ ਵਾਧਾ ਹੋਣ ਕਾਰਨ ਦੁੱਧ ਉਤਪਾਦਕ ਰੇਟ ਵਧਾਉਣ ਦੀ ਮੰਗ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਸੁੱਕੇ ਚਾਰੇ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ।
ਬਾਕਸ- ਲੱਸੀ,ਦਹੀ,ਆਈਸਕ੍ਰੀਮ ਦੀਆਂ ਕੀਮਤਾਂ ਨਹੀਂ ਵਧੀਆਂ
ਦੁੱਧ ਦੀਆਂ ਕੀਮਤਾਂ ਵੱਧਣ ਤੋਂ ਬਾਅਦ ਹੁਣ ਵੇਰਕਾ ਸਮੇਤ ਹੋਰਨਾਂ ਧਿਰਾਂ ਦੇ ਦਹੀ,ਲੱਸੀ,ਪਨੀਰ,ਖੀਰ,ਆਈਸਕ੍ਰੀਮ, ਕਰੀਮ, ਮੱਖਣ,ਘਿਓ ਅਤੇ ਮਠਿਆਈ ਦੀਆਂ ਕੀਮਤਾਂ ਉਪਰ ਜਾਣ ਦੀ ਸੰਭਾਵਨਾ ਵੱਧ ਗਈ ਹੈ।ਹਾਲਾਂਕਿ ਅਜੇ ਤੱਕ ਲੱਸੀ,ਦਹੀ,ਆਈਸਕ੍ਰੀਮ ਦੇ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।























