ਪੰਜਾਬ ‘ਚ ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ

87
Advertisement

–   77.29 ਕੁਇੰਟਲ ਨਾ-ਖਾਣਯੋਗ  ਫਲ ਅਤੇ ਸਬਜ਼ੀਆਂ ਨਸ਼ਟ

ਚੰਡੀਗੜ੍ਹ, 27 ਨਵੰਬਰ :  ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਅਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਸਮੇਤ ਮੰਡੀ ਅਧਿਕਾਰੀਆਂ ਦੀਆਂ 62 ਟੀਮਾਂ ਵੱਲੋਂ ਸੂਬੇ ਦੀਆਂ ਮੁੱਖ ਫਲ ਅਤੇ ਸਬਜ਼ੀ ਮੰਡੀਆਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ।  ਇਹ ਛਾਪੇਮਾਰੀ  ਫਲ ਅਤੇ ਸਬਜ਼ੀਆਂ ਨੂੰ ਗੈਰ ਕੁਦਰਤੀ ਢੰਗ ਨਾਲ ਪਕਾਉਣ ਦੀਆਂ ਘਟਨਾਵਾਂ ਦੀ ਚੈਕਿੰਗ ਦੇ ਉਦੇਸ਼ ਨਾਲ ਕੀਤੀ ਗਈ। ਉਕਤ ਪ੍ਰਗਟਾਵਾ ਮਿਸ਼ਨ ਡਇਰੈਕਟਰ, ਤੰਦਰੁਸਤ ਪੰਜਾਬ ਸ੍ਰੀ ਕੇ.ਐਸ. ਪੰਨੂ ਨੇ ਕੀਤਾ।

ਸ੍ਰੀ ਪੰਨੂ ਨੇ ਦੱਸਿਆ ਕਿ ਫਲ ਪਕਾਉਣ ਵਾਲੇ ਵੱਖ-ਵੱਖ ਪ੍ਰਾਈਵੇਟ ਕੇਂਦਰਾਂ ਅਤੇ ਥੋਕ ਵਪਾਰੀਆਂ ਦੇ ਗੋਦਾਮਾਂ ਵਿਖੇ ਛਾਪੇਮਾਰੀ ਦੌਰਾਨ ਗੈਰ ਕੁਦਰਤੀ ਢੰਗ ਨਾਲ ਫਲ ਪਕਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਜਾਂਚ ਦੌਰਾਨ 77.29 ਕੁਇੰਟਲ ਨਾ-ਖਾਣਯੋਗ ਫਲ ਅਤੇ ਸਬਜ਼ੀਆਂ ਮਿਲੀਆਂ ਜਿਨ੍ਹਾਂ ਨੂੰ ਮੌਕੇ ਉੱਤੇ ਹੀ ਨਸ਼ਟ ਕਰ ਦਿੱਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਨਸ਼ਟ ਕੀਤੇ ਗਏ ਫਲ ਅਤੇ ਸਬਜ਼ੀਆਂ ਵਿੱਚ 3 ਕੁਇੰਟਲ ਅੰਮ੍ਰਿਤਸਰ ਵਿਖੇ, ਪਠਾਨਕੋਟ ਵਿਖੇ ਕੇਲਿਆਂ ਦੇ 3 ਕੈਰੇਟ, ਬਟਾਲਾ ਵਿਖੇ 2 ਕੁਇੰਟਲ ਆਲੂ, ਫਰੀਦਕੋਟ ਵਿਖੇ 1.10 ਕੁਇੰਟਲ ਸਬਜ਼ੀਆਂ, ਰਾਮਪੁਰਾ ਫੂਲ ਵਿਖੇ 1.32 ਕੁਇੰਟਲ ਸਬਜ਼ੀਆਂ, ਮਾਨਸਾ ਵਿਖੇ 3 ਕੁਇੰਟਲ ਪਪੀਤਾ ਅਤੇ ਕੇਲੇ, ਬੁਢਲਾਡਾ ਵਿਖੇ 1.4 ਕੁਇੰਟਲ ਫਲ, ਹੁਸ਼ਿਆਰਪੁਰ ਵਿਖੇ 5 ਕੁਇੰਟਲ ਪਪੀਤਾ ਅਤੇ ਕੇਲੇ, ਗੜ੍ਹਸ਼ੰਕਰ ਵਿਖੇ 12 ਕੁਇੰਟਲ ਗੰਢੇ, ਲੁਧਿਆਣਾ ਵਿਖੇ 1.50 ਕੁਇੰਟਲ ਪਪੀਤਾ, ਖੰਨਾ ਵਿਖੇ 1.50 ਕੁਇੰਟਲ ਪਪੀਤਾ, ਚਮਕੌਰ ਸਾਹਿਬ ਵਿਖੇ 1 ਕੁਇੰਟਲ ਅਨਾਰ ਅਤੇ 2 ਕੁਇੰਟਲ ਆਲੂ ਨਸ਼ਟ ਕੀਤੇ ਗਏ।

ਇਸੇ ਤਰ੍ਹਾਂ ਨੰਗਲ (ਸ੍ਰੀ ਅਨੰਦਪੁਰ ਸਾਹਿਬ) ਵਿੱਚ 3 ਕੁਇੰਟਲ ਸਬਜ਼ੀਆਂ, ਨਾਭਾ ਵਿੱਚ 1.50 ਕੁਇੰਟਲ ਸਬਜ਼ੀਆਂ ਅਤੇ ਸਮਾਣਾ ਵਿੱਚ 5 ਕੁਇੰਟਲ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਹੁਣ ਫਲ ਪਕਾਉਣ ਵਾਲੇ ਕੇਂਦਰਾਂ ਵਿੱਚ ਏਥੇਫੋਨ ਸੈਸ਼ੇਜ਼, ਐਥੀਲੀਨ ਸਿਲੰਡਰਾਂ ਅਤੇ ਐਥੀਲੀਨ ਜਨਰੇਟਰ ਦੀ ਵਰਤੋਂ ਨਾਲ ਨੈਤਿਕ ਢੰਗ ਨਾਲ ਫਲ ਪਕਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 100 ਪੀ.ਪੀ.ਐਮ. ਐਥੀਲੀਨ ਗੈਸ ਦੀ ਮਿਕਦਾਰ ਨਾਲ 24 ਘੰਟਿਆਂ ਤੱਕ ਫਲ ਪਕਾਉਣ ਦਾ ਤਰੀਕਾ ਸਹੀ ਅਤੇ ਵਿਗਿਆਨਿਕ ਹੈ।