ਬੱਸ ਅੱਡੇ ਵਿਚ ਕੂੜਾ ਡੰਪ : ਨਗਰ ਕੌਂਸਲ ਦੇ ਮੁਲਾਜ਼ਮ ਅਤੇ ਬੱਸ ਅਪਰੇਟਰ ਆਹਮੋ-ਸਾਹਮਣੇ

Advertisement


– ਕੌਂਸਲ ਕਾਮਿਆਂ ਨੇ ਪੁਲੀਸ ਥਾਣੇ ਅੱਗੇ ਧਰਨਾ ਲਾਇਆ

ਮਾਨਸਾ, 19 ਨਵੰਬਰ (ਵਿਸ਼ਵ ਵਾਰਤਾ)- ਬੱਸ ਅੱਡੇ ਵਿਚ ਕੂੜਾ ਡੰਪ ਬਣਨ ਦੇ ਮਾਮਲੇ ਨੂੰ ਲੈਕੇ ਅੱਜ ਨਗਰ ਕੌਂਸਲ ਦੇ ਮੁਲਾਜਮਾਂ ਅਤੇ ਟਰਾਂਸਪੋਰਟ ਕੰਪਨੀਆਂ ਦੇ ਕਾਮਿਆਂ ਵਿਚਕਾਰ ਖੜਕ ਪਈ। ਇਸ ਡੰਪ ਨੂੰ ਚੁਕਾਉਣ ਲਈ ਦਿੱਤੇ ਅਲਟੀਮੇਟਮ ਦੀ ਲੰਘੀ ਮਿਆਦ ਤੋਂ ਬਾਅਦ ਅੱਜ ਅਚਾਨਕ ਬੱਸਾਂ ਵਾਲਿਆਂ ਨੇ ਅੱਡਾ ਫੀਸ ਬੰਦ ਕਰ ਦਿੱਤੀ, ਜਿਸ ਨੂੰ ਲੈਕੇ ਨਗਰ ਕੌਂਸਲ ਦੇ ਕਾਮਿਆਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਟੇਡੀ ਲਾਕੇ ਅੱਡਾ ਜਾਮ ਕਰ ਦਿੱਤਾ। ਬਾਅਦ ਵਿਚ ਬੱਸਾਂ ਵਾਲਿਆਂ ਨੇ ਵੀ ਟੇਡੀਆਂ ਬੱਸਾਂ ਲਾਕੇ ਟਰੈਫਿਕ ਰੋਕ ਦਿੱਤੀ। ਰੋਕੀ ਟਰੈਫਿਕ ਨੂੰ ਚਾਲੂ ਕਰਵਾਉਣ ਲਈ ਥਾਣਾ ਸਿਟੀ—2 ਦੇ ਮੁਖੀ ਅਮਨਦੀਪ ਸਿੰਘ ਨੇ ਦੋਹਾਂ ਧਿਰਾਂ ਨੂੰ ਸਮਝਾਇਆ ਅਤੇ ਅੱਡੇ ਵਿਚ ਲੱਗਿਆ ਜਾਮ ਖੁਲਵਾਇਆ।
ਜਾਮ ਦੇ ਖੁੱਲਣ ਨੂੰ ਲੈਕੇ ਹੋਏ ਮੂੰਹ ਜਬਾਨੀ ਹੋਏ ਸਮਝੌਤੇ ਦੌਰਾਨ ਉਸ ਵੇਲੇ ਪੰਗਾ ਖੜ੍ਹਾ ਹੋ ਗਿਆ, ਜਦੋਂ ਕੌਂਸਲ ਦੇ ਇਕ ਸੀਨੀਅਰ ਮੁਲਾਜਮ ਵੱਲੋਂ ਬੱਸਾਂ ਨੂੰ ਅੱਡੇ ਤੋਂ ਬਾਹਰ ਪਰਚੀ ਕੱਟਕੇ ਹੀ ਕੱਢਣ ਲਈ ਸਟੈਂਡ ਲੈ ਲਿਆ, ਜਦੋਂ ਕਿ ਬੱਸਾਂ ਦੇ ਕਾਮੇ ਬਿਨਾਂ ਪਰਚੀ ਤੋਂ ਬੱਸਾਂ ਟਪਾਉਣ ਲਈ ਅੜ ਗਏ, ਜਿਸ ਦੌਰਾਨ ਆਪਸ ਵਿਚ ਹੋਈ ਤੂੰ—ਤੂੰ ਮੈਂ—ਮੈਂ ਤੋਂ ਬਾਅਦ ਖਿੱਚ—ਧੂਹ ਹੋ ਗਈ। ਥਾਣਾ ਸਿਟੀ—2 ਦੇ ਮੁਖੀ ਨੇ ਜਦੋਂ ਖਿੱਚ—ਧੂਹ ਤੋਂ ਬਚਾਉਣ ਲਈ ਕੌਂਸਲ ਮੁਲਾਜਮ ਚਰਨਜੀਤ ਸਿੰਘ ਨੂੰ ਇਕ ਪਾਸੇ ਲਿਜਾਇਆ ਗਿਆ ਤਾਂ ਇਹ ਮਾਮਲਾ ਹਿਰਾਸਤ ਵਿਚ ਲੈਣ ਦਾ ਬਣ ਗਿਆ, ਜਿਸ ਕਾਰਨ ਕੌਂਸਲ ਕਾਮੇ ਤਣਾਓ ਵਿਚ ਆ ਗਏ, ਪਰ ਇਸ ਤੋਂ ਪਹਿਲਾਂ ਪੁਲੀਸ ਬੱਸ ਅੱਡੇ ਵਿਚਲੀ ਸੇਵਾ ਬਹਾਲ ਕਰਵਾਉਣ ਵਿਚ ਸਫਲ ਹੋ ਗਈ।
ਨਗਰ ਕੌਂਸਲ ਦੇ ਕਾਮਿਆਂ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਅਣਮਿਥੇ ਸਮੇਂ ਲਈ ਕੌਂਸਲ ਦਫ਼ਤਰ ਦਾ ਕਾਰਜ ਬੰਦ ਕਰਨ ਸਮੇਤ ਸ਼ਹਿਰ ਦੇ ਸਫਾਈ ਕਾਰਜ ਇਨਸਾਫ ਮਿਲਣ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ। ਕੌਂਸਲ ਕਾਮਿਆਂ ਦਾ ਕਹਿਣਾ ਹੈ ਕਿ ਅੱਡਾ ਪਰਚੀ ਉਨ੍ਹਾਂ ਦੀ ਆਮਦਨ ਦਾ ਇਕ ਸਾਧਨ ਹੈ, ਜਿਸ ਨੂੰ ਚਾਲੂ ਰੱਖਣਾ ਸ਼ਹਿਰ ਦੇ ਹਿੱਤਾਂ ਲਈ ਬੇਹੱਦ ਜਰੂਰੀ ਹੈ, ਜਦੋਂ ਕਿ ਟਰਾਂਸਪੋਰਟਰਾਂ ਦੀਆਂ ਮੰਗਾਂ ਆਪਸੀ ਗੱਲਬਾਤ ਰਾਹੀਂ ਸਵੀਕਾਰ ਕੀਤੀਆਂ ਜਾ ਸਕਦੀਆਂ ਹਨ।
ਉਧਰ ਜ਼ਿਲ੍ਹਾ ਬੱਸ ਅਪਰੇਟਰਜ਼ ਐਸ਼ੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪੰਜਾਬ *ਚ ਕਿਸੇ ਬੱਸ ਅੱਡੇ ਵਿਚ ਕੂੜੇ ਦਾ ਡੰਪ ਨਹੀਂ ਹੈ, ਇਥੇ ਸਫਾਈ ਪ੍ਰਬੰਧਾਂ ਦਾ ਮਾੜਾ ਹਾਲ ਹੈ, ਰਾਤਰੀ ਸੇਵਾ ਵਾਲੀਆਂ ਬੱਸਾਂ ਦੇ ਕਾਮਿਆਂ ਲਈ ਨਹਾਉਣ—ਧੋਣ ਸਮੇਤ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਬੱਸ ਅੱਡੇ ਦੀ ਕੋਈ ਦਿਨ—ਰਾਤ ਵੇਲੇ ਕੋਈ ਸਕਿਊਰਟੀ ਨਹੀਂ ਹੈ, ਪਰ ਇਸ ਦੇ ਬਾਵਜੂਦ ਹਰ ਰੋਜ਼ 15 ਹਜਾਰ ਰੁਪਏ ਕੌਂਸਲ ਨੂੰ ਬੱਸ ਅੱਡੇ ਨਮਿੱਤ ਪਰਚੀ ਵੱਜੋ ਦਿੱਤੇ ਜਾ ਰਹੇ ਹਨ।
ਉਧਰ ਮਾਮਲਾ ਗੰਭੀਰ ਹੋਣ ਤੋਂ ਬਾਅਦ ਥਾਣੇ ਅੱਗੇ ਕੌਂਸਲ ਮੁਲਾਜਮਾਂ ਨੇ ਧਰਨਾ ਦਿੱਤਾ, ਜਿਸ ਵਿਚ ਕਾਰਜ ਸਾਧਕ ਅਫਸਰ ਵਿਜੈ ਕੁਮਾਰ ਅਤੇ ਪ੍ਰਧਾਨ ਮਨਦੀਪ ਸਿੰਘ ਗੋਰਾ ਪੁੱਜੇ ਅਤੇ ਸਫਾਈ ਸੇਵਕਾਂ ਨੇ ਕੂੜੇ ਦੀਆਂ ਟਰਾਲੀਆਂ ਥਾਣੇ ਅੱਗੇ ਲਾਕੇ ਧਰਨਾ ਦੇਕੇ ਟਰਾਂਸਪੋਰਟਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਥਾਣਾ ਮੁਖੀ ਅਮਨਦੀਪ ਸਿµਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵੇਂ ਧਿਰਾਂ ਨੂµ ਆਪਿਸੀ ਲੜਾਈ ਤੋਂ ਰੋਕਣ ਲਈ ਇਕ ਵਿਅਕਤੀ ਨੂµ ਉਥੋਂ ਲਾਂਭੇ ਕੀਤਾ ਹੈ ਅਤੇ ਕਿਸੇ ਵੀ ਵਿਅਕਤੀ ਨੂµ ਪੁਲੀਸ ਨੇ ਹਿਰਾਸਤ ਵਿਚ ਨਹੀਂ ਲਿਆ, ਜਦੋਂ ਕਿ ਪੂਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਟਰੈਫਿਕ ਕੰਟਰੋਲ ਕੀਤੀ ਗਈ ਹੈ।

ਫੋਟੋ ਕੈਪਸ਼ਨ: ਮਾਨਸਾ ਦੇ ਬੱਸ ਅੱਡੇ ਦਾ ਗੇਟ ਰੋਕੀ ਖੜ੍ਹੀਆਂ ਪ੍ਰਾਈਵੇਟ ਬੱਸਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ। ਫੋਟੋ: ਵਿਸ਼ਵ ਵਾਰਤਾ