ਸੁਖਬੀਰ ਸਿੰਘ ਬਾਦਲ ਐੱਸ.ਆਈ.ਟੀ ਸਾਹਮਣੇ ਹੋਏ ਪੇਸ਼

Advertisement


ਚੰਡੀਗਡ਼੍ਹ, 19 ਨਵੰਬਰ : ਪੰਜਾਬ ਵਿਚ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਗਈ। ਚੰਡੀਗਡ਼੍ਹ ‘ਚ ਸਥਿਤ ਪੁਲਿਸ ਹੈੱਡਕੁਆਰਟਰ ‘ਚ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਰਜ ਕੀਤੇ ਗਏ।

ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੀਤੀ ਪੁੱਛਗਿੱਛ ਵਿਚੋਂ ਸਿਆਸੀ ਬਦਲੇਖੋਰੀ ਦੀ ਬੂ ਆਉਂਦੀ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਐਫਆਈਆਰ ਵਿਚ ਦਰਜ ਤੱਥਾਂ ਮੁਤਾਬਿਕ, ਉਹਨਾਂ ਨੂੰ ਪੁਲਿਸ ਦੇ ਇਸ਼ਾਰੇ ਉੱਤੇ ਹੋਈ ਕੋਟਕਪੂਰਾ ਗੋਲੀਬਾਰੀ ਦੇ ਸੰਬੰਧ ਵਿਚ ਦਰਜ ਇੱਕ ਐਫਆਈਆਰ ਦੇ ਸਿਲਸਿਲੇ ਵਿਚ ਸੱਦਿਆ ਗਿਆ ਸੀ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਮੈਨੂੰ ਪੁੱਛਿਆ ਗਿਆ ਕਿ 14 ਅਕਤੂਬਰ 2015 ਨੂੰ ਮੈਂ ਕੀ ਨਿਰਦੇਸ਼ ਦਿੱਤੇ ਸਨ, ਜਦਕਿ ਉਸ ਦਿਨ ਮੈਂ ਮੁੱਖ ਮੰਤਰੀ ਨੂੰ ਬਾਕਾਇਦਾ ਦੱਸਣ ਮਗਰੋਂ ਸੂਬੇ ਤੋਂ ਬਾਹਰ ਗਿਆ ਹੋਇਆ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਸਿੱਟ ਦੇ ਇੱਕ ਹੋਰ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੁੱਛਿਆ ਸੀ ਕਿ ਜਦੋਂ ਉਹ 2015 ਵਿਚ ਆਈਜੀ ਬਾਰਡਰ ਰੇਂਜ ਸੀ ਤਾਂ ਬਿਆਸ ਪੁਲ ਤੋਂ ਲੋਕਾਂ ਨੂੰ ਹਟਾਉਣ ਲਈ ਕੀ ਉਸ ਨੂੰ ਕੋਈ ਨਿਰਦੇਸ਼ ਮਿਲੇ ਸਨ?

ਇਹ ਕਹਿੰਦਿਆਂ ਕਿ ਸਿੱਟ ਦੇ ਮੈਂਬਰਾਂ ਨੇ ਉਹਨਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਉੱਤੇ ਕਈ ਫਜ਼ੂਲ ਦੇ ਸਵਾਲ ਪੁੱਛੇ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਪੰਜਾਬ ਤੋਂ ਬਾਹਰ ਅਦਾਕਾਰ ਅਕਸ਼ੈ ਕੁਮਾਰ ਨੂੰ ਕਦੇ ਵੀ ਨਹੀਂ ਮਿਲੇ।