‘ਆਪ’ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਸਮਾਰਟ ਫ਼ੋਨ

Advertisement


– ਪੰਜਾਬ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਜਾਰੀ ਰੱਖਾਂਗੇ ਮੁਹਿੰਮ-ਨਵਦੀਪ ਸਿੰਘ ਸੰਘਾ

ਮੋਗਾ/ ਲੁਧਿਆਣਾ, 8 ਨਵੰਬਰ – ”ਪੰਜਾਬ ‘ਚ ਝੂਠੇ ਵਾਅਦੇ ਕਰ ਕੇ ਸੱਤਾ ‘ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ। ਸੱਤਾ ਹਾਸਿਲ ਕਰਨ ਲਈ ਘਰ-ਘਰ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣੇ, ਕਿਸਾਨਾਂ ਦੀ ਬਿਹਤਰੀ ਲਈ ਠੋਸ ਕਦਮ ਚੁੱਕਣੇ ਆਦਿ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਅਸੀਂ ਦਿਵਾਲੀ ਦੇ ਤਿਉਹਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਨੌਜਵਾਨਾਂ ਨੂੰ ਡਮੀ ਸਮਾਰਟ ਫੋਨ ਵੰਡ ਰਹੇ ਹਾਂ, ਸ਼ਾਇਦ ਸਾਡੀ ਇਸ ਮਜਾਕੀਆ ਮੁਹਿੰਮ ਨਾਲ ਕੈਪਟਨ ਅਮਰਿਦੰਰ ਸਿੰਘ ਸਰਕਾਰ ਜਾਗ ਜਾਵੇ।” ਇਹ ਸ਼ਬਦ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਹਲਕਾ ਮੋਗਾ ਦੇ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਹੇ। ਦਿਵਾਲੀ ਮੌਕੇ ਸੰਘਾ ਦੀ ਅਗਵਾਈ ਹੇਠ ਮੋਗਾ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚ ਨੌਜਵਾਨਾਂ ਨੂੰ ਡਮੀ ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਉਨ੍ਹਾਂ ਜਿਲ ਪ੍ਰਧਾਨ ਐਡਵੋਕੇਟ ਨਸੀਬ ਸਿੰਘ ਬਾਵਾ, ਯੂਥ ਆਗੂ ਅਮਿਤ ਪੁਰੀ, ਜਨਰਲ ਸਕੱਤਰ ਅਜੇ ਸ਼ਰਮਾ, ਯੂਥ ਆਗੂ ਅਵਤਾਰ ਬੰਟੀ, ਸੀਨੀਅਰ ਵਲੰਟੀਅਰ ਅਨਿਲ ਸ਼ਰਮਾ, ਪ੍ਰਧਾਨ ਆਈਟੀ ਵਿੰਗ ਅਮਨ ਰਖੜਾ, ਸੀਨੀਅਰ ਵਲੰਟੀਅਰ ਸੁਖਦੀਪ ਧਾਮੀ, ਸੀਨੀਅਰ ਵਲੰਟੀਅਰ ਮੈਡਮ ਊਸ਼ਾ, ਸੋਨੀਆ ਢੰਡ, ਯੂਥ ਜਵਾਇੰਟ ਸੈਕਟਰੀ ਰਾਜਾ, ਸੀਨੀਅਰ ਵਲੰਟੀਅਰ ਹੰਸਰਾਜ ਆਦਿ ਸ਼ਾਮਲ ਸਨ।
‘ਆਪ’ ਦੇ ਬੁਲਾਰੇ ਅਤੇ ਮੋਗਾ ਦੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੌਜੂਦਾ ਕੈਪਟਨ ਦੀ ਕਾਂਗਰਸ ਸਰਕਾਰ ਦੇ ਹੁੰਦੇ ਹੋਏ ਅੱਜ ਪੰਜਾਬ ਦੀ ਹਾਲਤ ਇੰਨੀ ਕੁ ਮਾੜੀ ਹੋ ਗਈ ਹੈ ਕਿ ਪੰਜਾਬ ਦਾ ਹਰ ਇੱਕ ਵਰਗ ਆਪਣੇ ਹੱਕ ਲੈਣ ਲਈ ਸੜਕਾਂ ਉੱਤੇ ਉਤਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਨੌਜਵਾਨਾਂ ਨਾਲ ਵੀ ਮੌਜੂਦਾ ਸਰਕਾਰ ਨੇ ਨੌਕਰੀ ਦੇਣ ਦਾ ਝੂਠਾ ਵਾਅਦੇ ਕਰ ਕੇ ਉਨ੍ਹਾਂ ਦਾ ਭਵਿੱਖ ਹਨੇਰੇ ਵੱਲ ਨੂੰ ਧੱਕ ਦਿੱਤਾ ਹੈ। ਸੰਘਾ ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਾਰਹ ਕਰਨ ਅਤੇ ਅਖ਼ਬਾਰਾਂ ਦੀ ਸੁਰੱਖਿਆ ਬਟੋਰਨ ਲਈ ‘ਨੌਕਰੀ ਮੇਲੇ’ ਲਗਾਏ ਗਏ ਜਿਸ ਦਾ ਨੌਜਵਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਕੈਪਟਨ ਨੌਕਰੀ ਦੇਣ ਦੇ ਝੂਠੇ ਅੰਕੜੇ ਪੇਸ਼ ਕਰ ਕੇ ਮੀਡੀਆ ਵਿਚ ਸਰਗਰਮ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਧਰਨੇ ਉੱਤੇ ਬੈਠੇ ਅਧਿਆਪਕਾਂ ਦੇ ਸੰਬੰਧੀ ਵਿਚ ਬੋਲਦੇ ਹੋਏ ਸੰਘਾ ਨੇ ਕਿਹਾ ਕਿ ਅਧਿਆਪਕਾਂ ਦੀ ਤਨਖ਼ਾਹਾਂ ਵਿਚ ਭਾਰੀ ਕਟੌਤੀ ਕਰ ਕੇ ਮੌਜੂਦਾ ਸਰਕਾਰ ਨੇ ਅਧਿਆਪਕਾਂ ਨਾਲ ਸਰਾ-ਸਰ ਧੱਕਾ ਕੀਤਾ ਹੈ। ਦੂਜੇ ਪਾਸੇ ਅਧਿਆਪਕ ਆਪਣਾ ਹੱਕ ਲੈਣ ਲਈ ਧਰਨਾ ਪ੍ਰਦਰਸ਼ਨ ਕਰਨ ਲਈ ਸੜਕਾਂ ਉੱਤੇ ਉਤਰ ਆਏ ਹਨ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਲਾਠੀਆਂ ਨਾਲ ਦਬਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਲਈ ਬੜੇ ਹੀ ਦੁੱਖ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਧਰਨੇ ਉੱਤੇ ਬੈਠੇ ਅਧਿਆਪਕਾਂ ਦੇ ਸਮਰਥਨ ਵਿਚ ਅੰਤ ਤੱਕ ਸੰਘਰਸ਼ ਕਰੇਗੀ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਜਾਂਦਾ।
ਮੰਡੀਆਂ ਵਿਚ ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਦੀ ਬਦ-ਤੋਂ -ਬਦਤਰ ਹੋਈ ਹਾਲਤ ਬਾਰੇ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੇ ਹੋਏ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨ ਦੀ ਬਿਹਤਰੀ ਲਈ ਠੋਸ ਕਦਮ ਚੁੱਕਣਗੇ ਤਾਂ ਕਿ ਕਿਸਾਨ ਖੁਦਕੁਸ਼ੀਆਂ ਕਰਨ ਦਾ ਰਸਤਾ ਨਾ ਅਪਣਾਵੇ ਪਰੰਤੂ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਰੀਬ 2 ਸਾਲ ਹੋ ਗਏ ਹਨ ਸੱਤਾ ਉੱਤੇ ਕਾਬਿਜ ਹੋਏ ਨੂੰ ਅਜੇ ਤੱਕ ਕਿਸਾਨਾਂ ਦੀ ਬਿਹਤਰੀ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਰਹੀਆਂ ਹਨ। ਅੱਜ ਕਿਸਾਨਾਂ ਨੂੰ ਆਪਣੀ ਫ਼ਸਲਾਂ ਦੇ ਸਹੀ ਭਾਅ ਨਹੀਂ ਮਿਲ ਰਹੇ ਹਨ ਅਤੇ ਕਈ-ਕਈ ਦਿਨਾਂ ਤੱਕ ਫ਼ਸਲ ਮੰਡੀਆਂ ਵਿਚ ਪਈ ਰੁਲ ਰਹੀ ਹੈ, ਜਿਸ ਦੇ ਚੱਲਦਿਆਂ ਬਹੁਤੇ ਹੀ ਕਿਸਾਨਾਂ ਨੇ ਆਪਣੇ ਦਿਵਾਲ਼ੀ ਮੰਡੀਆਂ ਵਿਚ ਕਾਲੀ ਦਿਵਾਲ਼ੀ ਦੇ ਰੂਪ ਵਿਚ ਮਨਾਈ ਹੈ।
ਨਵਦੀਪ ਸਿੰਘ ਸੰਘਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਪੰਜਾਬ ਦੇ ਹਰ ਇੱਕ ਵਰਗ ਨਾਲ ਕੀਤੇ ਵਾਅਦੇ ਨੂੰ ਪੂਰਾ ਨਾ ਕੀਤਾ ਤਾਂ ਉਹ ਸਮੇਂ-ਸਮੇਂ ਸਿਰ ਸੰਘਰਸ਼ ਅਤੇ ਵਾਅਦਿਆਂ ਦੇ ਮਾਮਲੇ ਵਿਚ ਸੋ ਰਹੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਵਿਸ਼ੇਸ਼ ਮੁਹਿੰਮ ਦਾ ਆਯੋਜਨ ਕਰਦੇ ਰਹਾਂਗੇ ਜਦੋਂ ਤੱਕ ਮੌਜੂਦਾ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੀ।