ਵੇਰਕਾ ਨੇ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਉੱਚ ਕੋਟੀ ਦੇ ਉਤਪਾਦ ਬਾਜ਼ਾਰ ‘ਚ ਉਤਾਰੇ

Advertisement


– ਸਭ ਉਮਰ ਵਰਗਾਂ ਨੂੰ ਪਸੰਦ ਆਉਣ ਵਾਲੇ ਉਤਪਾਦਾਂ ‘ਚ ਸ਼ਾਮਲ ਹਨ ਪਰੰਪਰਾਗਤ ਮਿਠਾਈਆਂ ਤੇ ਪੀਣ ਵਾਲੇ ਉਤਪਾਦ

ਚੰਡੀਗੜ, 1 ਨਵੰਬਰ: ਪੰਜਾਬ ਦੇ ਸਹਿਕਾਰਤਾ ਵਿਭਾਗ ਨੇ ਸੂਬੇ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਸਹਿਕਾਰਤਾ ਖੇਤਰ ਨਾਲ ਜੁੜੀਆਂ ਸੰਸਥਾਵਾਂ ਖਾਸ ਕਰਕੇ ਮਿਲਕਫੈੱਡ ਨੂੰ ਹੁਲਾਰਾ ਦੇਣ ਲਈ ਕਈ ਨਿਵੇਕਲੇ ਕਦਮ ਚੁੱਕੇ ਜਾ ਰਹੇ ਹਨ। ਇਸੇ ਯੋਜਨਾ ਤਹਿਤ ਵੇਰਕਾ ਵੱਲੋਂ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਉੱਚ ਕੋਟੀ ਦੇ ਉਤਪਾਦਾਂ ਨੂੰ ਬਾਜ਼ਾਰ ਵਿਚ ਉਤਾਰਿਆ ਗਿਆ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਲਕਫੈੱਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੇਰਕਾ ਵੱਲੋਂ ਉੱਚ ਪਾਏ ਦੇ ਉਤਪਾਦਾਂ ਨੂੰ ਸੋਹਣੇ ਢੰਗ ਨਾਲ ਗਿਫ਼ਟ ਪੈਕ ਕਰਕੇ ਆਪਣੇ ਉਪਭੋਗਤਾਵਾਂ ਨੂੰ ਰਵਾਇਤੀ ਢੰਗ ਤੋਂ ਹਟ ਕੇ ਦਿਲ-ਖਿੱਚਵੇਂ ਬਦਲ ਪੇਸ਼ ਕੀਤੇ ਹਨ। ਇਹਨਾਂ ਉਤਪਾਦਾਂ ਦੀ ਕੀਮਤ 150 ਰੁਪਏ ਤੋਂ ਲੈ ਕੇ 250 ਰੁਪਏ ਦੇ ਦਰਮਿਆਨ ਰੱਖੀ ਗਈ ਹੈ ਅਤੇ ਇਹਨਾਂ ਵਿਚ ਪਰੰਪਰਾਗਤ ਮਿਠਾਈਆਂ ਵੀ ਸ਼ਾਮਲ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਵੇਰਕਾ ਦੇ ਇਹ ਗਿਫ਼ਟ ਪੈਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉਤਰ ਪ੍ਰਦੇਸ਼ ਅਤੇ ਜੰਮੂ ਵਿਚ ਚੋਣਵੇਂ ਪਰਚੂਨ ਸਟੋਰਾਂ ਉੱਤੇ ਉਪਲੱਬਧ ਹਨ। ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਪੀਓ ਗਿਫ਼ਟ ਪੈਕ ਵਿਚ ਇਲਾਇਚੀ, ਬਟਰਸਕੌਚ, ਸਟਰਾਅਬਰੀ, ਪਿਸਤਾ, ਬਾਦਾਮ, ਹਨੀ-ਜਿੰਜਰ (ਸ਼ਹਿਦ-ਅਦਰਕ), ਚਾਕਲੇਟ ਤੇ ਠੰਡਾਈ ਦੀ 1-1 ਬੋਤਲ ਉਪਲੱਬਧ ਹੈ ਅਤੇ ਇਸ ਦੀ ਕੀਮਤ 200 ਰੁਪਏ ਹੈ। ਲੱਸੀ ਗਿਫ਼ਟ ਪੈਕ ਵਿਚ ਮਿੱਠੀ ਲੱਸੀ, ਨਮਕੀਨ ਲੱਸੀ, ਸਟਰਾਅਬਰੀ ਲੱਸੀ ਅਤੇ ਮੈਂਗੋ ਲੱਸੀ ਦੀਆਂ 2-2 ਬੋਤਲਾਂ ਉਪਲੱਬਧ ਹਨ ਅਤੇ ਇਸ ਦੀ ਵੀ ਕੀਮਤ 200 ਰੁਪਏ ਹੈ। ਇਕ ਹੋਰ ਗਿਫ਼ਟ ਪੈਕ ਵਿਚ ਮੈਂਗੋ ਸ਼ੇਕ, ਬਨਾਨਾ ਸ਼ੇਕ, ਚੌਕੋ ਪੀਓ ਤੇ ਇਲਾਇਚੀ ਪੀਓ ਦੀਆਂ 2-2 ਬੋਤਲਾਂ ਉਪਲੱਬਧ ਹਨ ਅਤੇ ਇਸ ਦੀ ਕੀਮਤ 240 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਆਮ ਪੰਨਾ, ਮੈਂਗੋ ਰਸੀਲਾ ਦੀਆਂ 3-3 ਅਤੇ ਨਿੰਬੂ ਪਾਣੀ ਦੀਆਂ 2 ਬੋਤਲਾਂ ਵਾਲੇ ਪੈਕ ਦੀ ਕੀਮਤ 150 ਰੁਪਏ ਰੱਖੀ ਗਈ ਹੈ।
ਇਸ ਤੋਂ ਛੁੱਟ ਵੇਰਕਾ ਵੱਲੋਂ ਪਰੰਪਰਾਗਤ ਮਿਠਾਈਆਂ ਜਿਵੇਂ ਕਿ ਕਾਜੂ ਪੰਜੀਰੀ, ਸੋਨ ਪਾਪੜੀ, ਕਾਜੂ ਬਰਫੀ, ਪੇੜਾ, ਮਿਲਕ ਕੇਕ, ਲੱਡੂ, ਰੋਸਟਿਡ ਬਰਫੀ ਅਤੇ ਕਾਜੂ ਪਿੰਨੀ 400 ਅਤੇ 800 ਗ੍ਰਾਮ ਦੀ ਪੈਕਿੰਗ ਵਿਚ ਵੀ ਉਪਲੱਬਧ ਕਰਵਾਏ ਗਏ ਹਨ।