ਡਾ. ਧਰਮਵੀਰ ਗਾਂਧੀ ਦੀ ਅਗਵਾਈ ‘ਚ ਖੁਦਮੁਖਤਿਆਰੀ ਵਿਸ਼ੇ ‘ਤੇ ਸਮਾਗਮ ਦਾ ਆਯੋਜਨ

Advertisement

ਚੰਡੀਗੜ੍ਹ, 1 ਨਵੰਬਰ (ਵਿਸ਼ਵ ਵਾਰਤਾ)- ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗੁਵਾਈ ਵਿੱਚ ਖੁਦਮੁਖਤਿਆਰੀ ਵਿਸ਼ੇ ‘ਤੇ ਭਕਨਾ ਭਵਨ ਚੰਡੀਗੜ੍ਹ ਵਿਖੇ ਇਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ। ਡਾ. ਗਾਂਧੀ ਨੇ ਅਰੰਭ ਵਿੱਚ ਸਵਾਗਤੀ ਸ਼ਬਦ ਕਹੇ ਅਤੇ ਸੰਘਵਾਦ ਅਤੇ ਖੁਦਮੁਖਤਿਆਰੀ ਦੇ ਸੰਕਲਪ ਦੀ ਪੰਜਾਬ ਅਤੇ ਹੋਰ ਭਾਰਤੀ ਰਾਜਾਂ ਲਈ ਮਹੱਤਤਾ ਤੇ ਚਾਨਣ ਪਾਇਆ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਕ ਬਹੁਕੌਮੀ ਦੇਸ਼ ਹੈ ਤੇ ਇਸ ਸੱਚਾਈ ਨੂੰ ਹਰ ਖੇਤਰ ਵਿੱਚ ਰਾਜਨੀਤਕ ਮਾਨਤਾ ਨਾਲ ਹੀ ਭਾਰਤ ਅੱਗੇ ਵਧ ਸੱਕਦਾ ਹੈ। ਉਹਨਾਂ ਨੇ ਪੰਜਾਬੀਆਂ ਦੇ ਏਕੇ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਜ਼ਰੂਰੀ ਕਿਹਾ। ਉਹਨਾਂ ਨੇ ਕਿਹਾ ਕਿ ਤਾਕਤਾਂ ਨੂੰ ਰਾਜਾਂ ਵਿੱਚ ਵੰਡਣ ਨੂੰ ਪਰਵਾਨ ਨਾ ਕਰਨ ਕਰਕੇ ਹੀ ਭਾਰਤ ਦੀ ਵੰਡ ਹੋਈ ਸੀ। ਉਹਨਾਂ ਨੇ ਇਸ ਲਈ ਕਾਂਗਰਸ ਤੇ ਇਸ ਦੇ ਆਗੂਆਂ ਨੂੰ ਮੁਹੰਮਦ ਅਲੀ ਜਿਨਾਹ ਨਾਲੋਂ ਵੀ ਵਧੇਰੇ ਜ਼ਿੰਮੇਵਾਰ ਦੱਸਿਆ।

ਬੰਗਾਲ ਤੋਂ ਆਏ ਬੰਗਲਾ ਪੋਖੋ ਦੇ ਆਗੂ ਗਾਰਗਾ ਚੈਟਰਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਰਾਬਰੀ ਅਤੇ ਸਵੈਮਾਣ ਵੰਨਸੁਵੰਤਾ ਵਿੱਚ ਏਕਤਾ ਲਈ ਜਰੂਰੀ ਹੈ। ਉਹਨਾਂ ਯਾਦ ਦਿਵਾਇਆ ਕਿ ਭਾਰਤੀ ਸੰਘ ਕਿਸੇ ਇੱਕ ਭਾਸ਼ਾ ਜਾਂ ਧਰਮ ਦੇ ਅਧਾਰ ਤੇ ਨਹੀਂ ਬਣਿਆ ਸੀ। ਉਹਨਾਂ ਇਹ ਵੀ ਕਿਹਾ ਕਿ 1947 ਦੀ ਵੰਡ ਅਸਲ ਵਿੱਚ ਪੰਜਾਬ ਅਤੇ ਬੰਗਾਲ ਦੀ ਹੀ ਵੰਡ ਸੀ।
ਤਮਿਲਨਾਡੂ ਤੋਂ ਆਏ ਸੇਨਥਿਲ ਨਾਥਨ ਨੇ ਕਿਹਾ ਕਿ ਖੇਤਰ, ਰਾਜ, ਸੰਘ ਆਦਿ ਸ਼ਬਦਾਂ ਦੀ ਅਸਲੀ ਭਾਵਨਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਤਮਿਲ ਅਤੇ ਕਈ ਭਾਰਤੀ ਭਾਸ਼ਾਵਾਂ ਕਿੰਨੇ ਦੇਸ਼ਾਂ ਵਿੱਚ ਸਰਕਾਰੀ ਭਾਸ਼ਾ ਦਾ ਦਰਜਾ ਰੱਖਦੀਆਂ ਹਨ ਇਸ ਲਈ ਇਹਨਾਂ ਨੂੰ ਖੇਤਰੀ ਭਾਸ਼ਾਵਾਂ ਕਿਵੇਂ ਕਿਹਾ ਜਾ ਸਕਦਾ ਹੈ। ਉਹਨਾਂ ਨੇ ਡਾਕਟਰ ਗਾਂਧੀ ਤੇ ਪੰਜਾਬ ਮੰਚ ਨੂੰ ਅਪੀਲ ਕੀਤੀ ਕਿ ਉਹ ਸੰਘੀ ਢਾਂਚੇ ਦੇ ਹੱਕ ਵਿੱਚ ਸਰਗਰਮ ਸਾਰੀਆਂ ਧਿਰਾਂ ਨੂੰ ਇੱਕ ਮੰਚ ਤੇ ਲਿਆ ਕੇ ਅਗਵਾਈ ਪ੍ਰਦਾਨ ਕਰਨ।
ਅਜੀਤ ਅਖਬਾਰ ਦੇ ਮੈਨੇਜਿੰਗ ਐਡੀਟਰ ਸਤਨਾਮ ਮਾਣਕ ਨੇ ਭਾਰਤੀ ਭਾਸ਼ਾਵਾਂ ਦੀ ਦਿਨੋਂ ਦਿਨ ਤਰਸਯੋਗ ਹੋ ਰਹੀ ਹਾਲਤ ਵੱਲ ਧਿਆਨ ਦਿਵਾਇਆ। ਉਹਨਾਂ ਕਿਹਾ ਕਿ ਜੇ ਭਾਸ਼ਾ ਹੀ ਮਰ ਜਾਂਦੀ ਹੈ ਤਾਂ ਕਿਸੇ ਸਮੂਹ ਦੀ ਪਛਾਣ, ਸਭਿਆਚਾਰ ਆਰਥਿਕਤਾ ਸਭ ਕੁੱਝ ਵੱਡੇ ਨੁਕਸਾਨਾਂ ਦੀ ਭੇਂਟ ਚੜ੍ਹ ਜਾਂਦਾ ਹੈ।
ਮਰਾਠੀ ਅਭਿਆਸ ਕੇਂਦਰ ਦੇ ਪ੍ਰਤੀਨਿਧ ਮੁੰਬਈ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨ ਦੇ ਪ੍ਰੋ. ਦੀਪਕ ਪਵਾਰ ਨੇ ਸਰਕਾਰੀਆ ਕਮਿਸ਼ਨ ਅਤੇ ਪੂੰਛੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਮਹੱਤਤਾ ਵੱਲ ਧਿਆਨ ਦੁਆਇਆ। ਉਹਨਾਂ ਨੇ ਰਾਜਪਾਲ ਵਰਗੀਆਂ ਉਪਨਿਵੇਸ਼ਕ ਪਦਵੀਆਂ ਨੂੰ ਖਤਮ ਕਰਨ ਲਈ ਕਿਹਾ ਅਤੇ ਰਾਜਸਭਾ ਵਿਚ ਸਾਰੇ ਰਾਜਾਂ ਦੀ ਪ੍ਰਤੀਨਿਧਤਾ ਬਰਾਬਰ ਕਰਨੀ ਜ਼ਰੂਰੀ ਦੱਸਿਆ। ਪ੍ਰੋ. ਦੀਪਕ ਪਵਾਰ ਨੇ ਖੁਦਮੁਖਤਿਆਰੀ ਅਤੇ ਵੱਖਵਾਦ ਦੀਆਂ ਧਾਰਾਵਾਂ ਵਿਚ ਦੇ ਫਰਕ ਨੂੰ ਸਮਝਣ ਲਈ ਕਿਹਾ ਅਤੇ ਕਿਹਾ ਕਿ ਇਸ ਫਰਕ ਤੋਂ ਸੁਚੇਤ ਰਹਿਣ ਲਈ ਖ਼ਾਸ ਤੌਰ ਤੇ ਬੇਨਤੀ ਕੀਤੀ।
ਸੁਪਰੀਮ ਕੋਰਟ ਦੇ ਸਿਰਕੱਢ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ. ਬਲਬੀਰ ਅਰੋੜਾ ਦੇ ਵੀਡੀਓ ਸੁਨੇਹੇ ਦੀ ਸਮਾਗਮ ਵਿੱਚ ਸਾਂਝੇ ਕੀਤੇ ਗਏ।
ਸਾਰੇ ਬੁਲਾਰਿਆਂ ਨੇ ਕੇਂਦਰ-ਰਾਜ ਪ੍ਰਬੰਧਾਂ ਦੀ ਮੁੜ ਪੜਚੋਲ ਅਤੇ ਤਾਕਤਾਂ ਦੇ ਸੰਤੁਲਨ ਲਈ ਮੁਹਿੰਮ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਮੰਚ ਦਾ ਸੰਚਾਲਨ ਪੰਜਾਬ ਸਹਿਤ ਸੇਵਾਵਾਂ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਜੀਤ ਸਿੰਘ ਚੀਮਾ ਨੇ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਰੌਣਕੀ ਰਾਮ ਨੇ ਧੰਨਵਾਦੀ ਸ਼ਬਦ ਕਹੇ।

ਇਸ ਮੌਕੇ ਤੇ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ ਕਮਾਲੁ, ਮਾਸਟਰ ਬਲਦੇਵ ਸਿੰਘ ਨੇ ਸ਼ਮੂਲੀਅਤ ਕੀਤੀ।ਸਾਬਕਾ ਆਈ ਐਫ ਐਸ ਅਸ਼ੋਕ ਕੁਮਾਰ ਸ਼ਰਮਾ, ਸਾਬਕਾ ਵਾਈਸ ਚਾਂਸਲਰ ਡਾ. ਜੁਗਿੰਦਰ ਪੁਆਰ, ਪੱਤਰਕਾਰ ਸ. ਹਮੀਰ ਸਿੰਘ, ਉਘੇ ਪੱਤਰਕਾਰ ਸ. ਸੁਖਦੇਵ ਸਿੰਘ, ਮਾਤ ਭਾਸ਼ਾ ਲਈ ਸਰਗਰਮ ਡਾ. ਜੋਗਾ ਸਿੰਘ। ਪੰਜਾਬ ਮੰਚ ਵਲੋਂ ਹੋਰਨਾਂ ਦੇ ਨਾਲ-ਨਾਲ ਪ੍ਰੋ. ਮਲਕੀਅਤ ਸਿੰਘ ਸੈਣੀ, ਸੁਮੀਤ ਸਿੰਘ ਭੁੱਲਰ, ਗੁਰਪ੍ਰੀਤ ਗਿੱਲ ਹਰਮੀਤ ਕੌਰ ਬਰਾੜ,ਸਤਨਾਮ ਦਾਊਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਆਦਿ ਸ਼ਾਮਲ ਸਨ।