– ਕੇਜਰੀਵਾਲ ਹੀ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰ ਸਕਦੇ ਹਨ
ਮਾਨਸਾ, 24 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਵੱਲੋ ਪੰਜਾਬ ਅੰਦਰ ਸਿਆਸੀ ਸਰਗਰਮੀਆਂ ਤੇਜ਼ ਕਰਦਿਆ ਸਥਾਪਤ ਕੀਤੀ ਗਈ ਪਾਰਟੀ ਦੀ 22 ਮੈਬਰੀ ਕੌਰ ਕਮੇਟੀ ਦੇ ਚੇਅਰਮੈਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅਕਾਲੀ—ਭਾਜਪਾ ਅਤੇ ਕਾਂਗਰਸ ਪਾਰਟੀ *ਤੇ ਤਿੱਖੇ ਹਮਲਿਆਂ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਨੇ ਆਪਣਾ ਸਿਆਸੀ ਉਲੂ ਸਿੱਧਾ ਰੱਖਣ ਲਈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ “ਪਛਤਾਉਦਾ ਹੈ ਪੰਜਾਬ, ਕੈਪਟਨ ਦੀ ਸਰਕਾਰ” ਮੁਹਿੰਮ ਆਰੰਭੀ ਜਾ ਰਹੀ ਹੈ।
ਪਾਰਟੀ ਵੱਲੋਂ ਅੱਜ ਬੁਢਲਾਡਾ ਵਿਖੇ ਬਲਾਕ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜੇਤੂ ਅਤੇ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਸਨਮਾਨ ਨੂੰ ਸੰਬੋਧਨ ਕਰਦਿਆਂ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਨਰਾਜ਼ ਹੋਏ ਨੇਤਾਵਾਂ ਨੂੰ ਜਲਦੀ ਹੀ ਪਾਰਟੀ ਨਾਲ ਤੋਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਵਿੱਚ ਅਕਾਲੀ ਦਲ ਨਾਲੋਂ ਕਈ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਹੀ ਖੁਸ਼ਹਾਲੀ ਲਿਆਕੇ ਨੌਜਵਾਨਾਂ ਦਾ ਭਵਿੱਖ ਸਵਾਰ ਸਕਦੇ ਹਨ, ਜਦੋਂ ਕਿ ਅਕਾਲੀ ਅਤੇ ਕਾਂਗਰਸੀ ਤਾਂ ਰਲੇ—ਮਿਲੇ ਹਨ, ਜਿੰਨ੍ਹਾਂ ਨੇ ਰਾਜਭਾਗ ਕਰਨ ਦਾ ਵਾਰੀ—ਵੱਟਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚੋ ਸੁੱਚਾ ਸਿੰਘ ਛੋਟੇਪੁਰ ਦਾ ਚਲਾ ਜਾਣਾ ਮੰਦਭਾਗਾ ਹੈ, ਪਰ ਜਲਦ ਹੀ ਉਨ੍ਹਾਂ ਸਮੇਤ ਹੋਰਨਾਂ ਸੀਨੀਅਰ ਲੀਡਰਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ 13 ਸੀਟਾਂ *ਤੇ ਚੋਣ ਲੜੇਗੀ ਅਤੇ ਉਮੀਦਵਾਰਾਂ ਦੀ ਚੋਣ ਕੋਰ ਕਮੇਟੀ ਤੋ ਬਾਅਦ ਦਸੰਬਰ ਮਹੀਨੇ ਵਿੱਚ ਲੋਕਾਂ ਸਾਹਮਣੇ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜ਼ਸਪਾਲ ਸਿੰਘ ਦਾਤੇਵਾਸ, ਜਰਨਲ ਸਕੱਤਰ ਅਵਤਾਰ ਸਿੰਘ ਬੁਢਲਾਡਾ, ਚਰਨਜੀਤ ਸਿੰਘ ਅੱਕਾਵਾਲੀ, ਹਰਜੀਵਨ ਸਿੰਘ ਬਰ੍ਹੇ, ਬਿੰਦਰ ਸਿੰਘ ਦਿਆਲਪੁਰਾ, ਅਮਰੀਕ ਸਿੰਘ ਗੁਰਨੇ ਕਲਾ, ਰਾਜ ਸਿੰਘ ਮੰਦਰਾਂ, ਸੰਦੀਪ ਗਰਗ, ਮਲਕੀਤ ਕੌਰ ਗੁਰਨੇ ਕਲਾ, ਸਰਬਜੀਤ ਕੌਰ ਦੋਦੜਾ, ਜ਼ਸਵੀਰ ਕੋਰ ਕੁਲਰੀਆ, ਜੈਮਲ ਸਿੰਘ ਗੁਰਨੇ, ਭਾਨ ਸਿੰਘ ਦੋਦੜਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਬੁੱਧ ਰਾਮ।