– ਸਾਉਣੀ ਦੀ ਸੀਜਨ ਕਾਰਨ ਹਰਿਆਣਾ *ਚੋਂ ਸਸਤੀ ਸ਼ਰਾਬ ਲਿਆਕੇ ਮਾਲਵਾ ਵਿਚ ਵੇਚਣ ਦਾ ਰੁਝਾਨ ਜਾਰੀ
ਮਾਨਸਾ, 24 ਅਕਤੂਬਰ – ਮਾਨਸਾ ਪੁਲੀਸ ਨੇ ਇਕੋ ਦਿਨ 574 ਬੋਤਲਾਂ ਹਰਿਆਣਾ ਦੀ ਸ਼ਰਾਬ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ 25 ਪੇਟੀਆਂ ਸ਼ਰਾਬ ਥਾਣਾ ਸਿਟੀ—2 ਮਾਨਸਾ ਅਤੇ 178 ਬੋਤਲਾਂ ਥਾਣਾ ਸਦਰ ਮਾਨਸਾ ਵੱਲੋਂ ਫੜੀਆਂ ਗਈਆਂ ਦੱਸੀਆਂ ਗਈਆਂ ਹਨ। ਇਹ ਸ਼ਰਾਬ ਹਰਿਆਣਾ *ਚੋਂ ਸਸਤੀ ਲਿਆਕੇ ਮਾਲਵਾ ਖੇਤਰ ਦੇ ਇਸ ਜ਼ਿਲ੍ਹੇ ਵਿਚ ਮਹਿੰਗੀ ਵੇਚਣ ਦੇ ਇਰਾਦੇ ਨਾਲ ਆਈ ਦੱਸੀ ਜਾਂਦੀ ਹੈ ਅਤੇ ਅੱਜਕੱਲ੍ਹ ਸਾਉਣੀ ਦਾ ਸੀਜਨ ਹੋਣ ਕਾਰਨ ਅਜਿਹੀ ਦਾਰੂ ਦਾ ਆਉਣਾ ਲਗਾਤਾਰ ਬਣਿਆ ਹੋਇਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਲਿਖਤੀ ਪ੍ਰੈਸ ਨੋਟ ਵਿਚ ਦੱਸਿਆ ਕਿ ਸਿਮਰਨਜੀਤ ਸਿੰਘ ਲੰਗ ਉਪ ਕਪਤਾਨ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਇਕ ਮੁਹਿੰਮ ਤਹਿਤ ਨਾਕਾਬੰਦੀ ਕਰਕੇ ਕੋਟ ਲੱਲੂ ਦੇ ਟੀ—ਪੁਆਇਟ ਉਪਰ ਇਕ ਕਾਰ (ਨੰਬਰ ਐਚ.ਆਰ. 23ਈ 5500) ਨੂੰ ਰੋਕਕੇ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 25 ਬੋਤਲਾਂ ਹਰਿਆਣਾ ਦੀ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਵਿਅਕਤੀ ਦੀ ਪਛਾਣ ਬਿਕਰਮ ਪੁੱਤਰ ਰਾਜਵੀਰ ਸਿੰਘ ਵਾਰਡ ਨੰਬਰ 1 ਟੋਹਾਣਾ (ਹਰਿਆਣਾ) ਨੂੰ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸੇ ਦੌਰਾਨ ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਗਸਤ ਦੌਰਾਨ ਪਿੰਡ ਮੂਸਾ ਵਿਖੇ ਦੋ ਵਿਅਕਤੀ ਮੋਟਰ ਸਾਈਕਲ (ਨੰਬਰ ਪੀਬੀ 03ਏਕੇ 8024 ਹੀਰੋ) *ਤੇ ਆ ਰਹੇ ਸਨ, ਜੋ ਪੁਲੀਸ ਪਾਰਟੀ ਨੂੰ ਦੇਖਕੇ ਮੋਟਰ ਸਾਈਕਲ ਛੱਡਕੇ ਭੱਜ ਗਏ, ਪਰ ਮੋਟਰ ਸਾਈਕਲ ਉਪਰ ਲੱਦੀ ਬੋਰੀ *ਚੋਂ 84 ਬੋਤਲਾਂ ਹਰਿਆਣਾ ਦੀ ਸ਼ਹਿਨਾਈ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਵੱਖਰੇ ਕੇਸ ਵਿਚ ਮਿੱਠੂ ਸਿੰਘ ਵਾਸੀ ਕੋਟਲੀ ਅਤੇ ਨਿਰਮਲ ਸਿੰਘ ਵਾਸੀ ਬਹਿਣੀਵਾਲ ਨੂੰ ਕਾਬੂ ਕਰਕੇ ਉਸ ਦੇ ਕਬਜੇ *ਚੋਂ 36 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਸ਼ਹਿਨਾਈ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਕੇਸ ਵਿਚ ਹਰਗੁਰਿੰਦਰ ਸਿੰਘ ਵਾਸੀ ਬਹਿਣੀਵਾਲ ਨੂੰ ਕਾਬੂ ਕਰਕੇ ਉਸ ਕੋਲੋਂ ਹਰਿਆਣਾ ਦੀ 10 ਬੋਤਲਾਂ ਸ਼ਰਾਬ ਫੜੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੋੋਟਰਸਾਈਕਲ ਸਵਾਰ ਕਾਕਾ ਸਿੰਘ ਉਰਫ ਗੁਰਦੀਪ ਅਤੇ ਭੋੋਲਾ ਸਿੰਘ ਉਰਫ ਬਲਦੇਵ ਸਿੰਘ ਵਾਸੀਆਨ ਕੌੌਲਗੜ,ਥਾਣਾ ਰਤੀਆ (ਹਰਿਆਣਾ) ਨੂੰ ਕਾਬੂ ਕਰਕੇ ਉਨ੍ਹਾਂ ਪਾਸੋੋ 36 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਕ ਛਾਪੇਮਾਰੀ ਦੌਰਾਨ ਅਵਤਾਰ ਸਿੰਘ ਉਰਫ ਤਾਰੀ ਵਾਸੀ ਵਰੇ੍ਹ ਭਾਵੇਂ ਪੁਲੀਸ ਪਾਰਟੀ ਦੇਖਕੇ ਭੱਜ ਗਿਆ, ਪਰ ਉਸ ਦੇ ਘਰੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿਟੀ—1 ਦੇ ਮੁਖੀ ਜਸਵੀਰ ਸਿੰਘ ਨੇ ਚਕੇਰੀਆਂ ਰੋਡ *ਤੇ ਇਕ ਨਾਕੇਬੰਦੀ ਦੌਰਾਨ ਸੁਰਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ 19 ਮਾਨਸਾ ਪਾਸੋਂ 300 ਗੋਲੀਆਂ ਫੜੀਆਂ ਗਈਆਂ ਹਨ, ਜਦੋਂ ਕਿ ਰਮੇਸ਼ ਕੁਮਾਰ ਵਾਸੀ ਜਵਾਹਰਕੇ ਤੋਂ 48 ਬੋਤਲਾਂ ਹਰਿਆਣਾ ਦੀ ਸ਼ਰਾਬ ਵੱਖਰੇ ਤੌਰ *ਤੇ ਬਰਾਮਦ ਹੋਈ ਹੈ।