ਅੰਮ੍ਰਿਤਸਰ, 20 ਅਕਤੂਬਰ – ਅੰਮ੍ਰਿਤਸਰ ਰੇਲ ਹਾਦਸੇ ਵਿਚ 59 ਲੋਕ ਮਾਰੇ ਜਾ ਚੁੱਕੇ ਹਨ। ਇਸ ਹਾਦਸੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਗੁੱਸਾ ਹੈ। ਕੁਝ ਲੋਕ ਇਸ ਹਾਦਸੇ ਪਿਛੇ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾ ਰਹੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਰੇਲਵੇ ਇਸ ਹਾਦਸੇ ਲਈ ਕਸੂਰਵਾਰ ਹੈ। ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਤੇ ਸਾਬਕਾ ਵਿਧਾਇਕ ਡਾ: ਨਵਜੋਤ ਕੌਰ ਸਿੱਧੂ, ਜੋ ਕਿ ਹਾਦਸੇ ਵਾਲੀ ਥਾਂ ਉਤੇ ਮਨਾਏ ਜਾ ਰਹੇ ਦੁਸਹਿਰੇ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ, ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਉਹ ਉਥੋਂ ਨਿਕਲ ਗਈ।
ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਅੱਜ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਦੁਸਹਿਰਾ ਗਰਾਉਂਡ ਵਿਚ ਕਾਫੀ ਥਾਂ ਸੀ। ਉਹਨਾਂ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਕਿ ਉਹ ਗਰਾਉਂਡ ਵਿਚ ਆ ਜਾਣ, ਪਰ ਲੋਕ ਇਸ ਦੇ ਬਾਵਜੂਦ ਰੇਲਵੇ ਟਰੈਕ ਤੇ ਖੜੇ ਰਹੇ।