ਦੁਸਹਿਰੇ ਵਾਲੇ ਦਿਨ ਪੰਜਾਬ ਦੀ ਹੱਦ ਨੇੜੇ ਪ੍ਰਾਈਵੇਟ ਬੱਸਾਂ ਨੇ ਸਵਾਰੀਆਂ ਨੂੰ ਢੋਇਆ
ਮਾਨਸਾ, 19 ਅਕਤੂਬਰ (ਵਿਸ਼ਵ ਵਾਰਤਾ)- ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੇ ਸੱਦੇ *ਤੇ ਜਦੋਂ ਦੁਸਹਿਰੇ ਵਾਲੇ ਦਿਨ ਵੀ ਰੋਡਵੇਜ਼ ਦੀਆਂ ਬੱਸਾਂ ਦਾ ਲਗਾਤਾਰ ਚੌਥੇ ਦਿਨ ਚੱਕਾ ਜਾਮ ਰਿਹਾ ਤਾਂ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੇ ਉਥੋਂ ਦੇ ਲੋਕਾਂ ਦੀ ਤਿਉਹਾਰ ਵਾਲੇ ਦਿਨ ਤਕਲੀਫ ਨੂੰ ਮੁੱਖ ਰੱਖਦਿਆਂ ਹੱਦ ਦੇ ਨਾਲ ਲੱਗਦੇ ਖੇਤਰ ਵਿਚ ਪੰਜਾਬ ਦੀਆਂ ਬੱਸਾਂ ਨੂੰ ਚਲਾਇਆ ਗਿਆ। ਭਾਵੇਂ ਪੰਜਾਬ ਦੀਆਂ ਬੱਸਾਂ ਹਰਿਆਣਾ ਵਿਚ ਕਾਨੂੰਨੀ ਤੌਰ *ਤੇ ਟੈਕਸ ਭਰਕੇ ਬਕਾਇਦਾ ਆਉਂਦੀਆਂ—ਜਾਂਦੀਆਂ ਹਨ, ਪਰ ਜਿਹੜੇ ਰੂਟਾਂ *ਤੇ ਇਨ੍ਹਾਂ ਬੱਸਾਂ ਨੂੰ ਚਲਾਕੇ ਲੋਕਾਂ ਨੂੰ ਸਹੂਲਤ ਦੇਣ ਦਾ ਅਧਿਕਾਰੀਆਂ ਨੇ ਉਪਰਾਲਾ ਕੀਤਾ ਹੈ, ਉਨ੍ਹਾਂ ਉਪਰ ਪੰਜਾਬ ਦੀ ਕੋਈ ਵੀ ਬੱਸ ਨਹੀਂ ਜਾਂਦੀ—ਆਉਂਦੀ ਹੈ।
ਵੇਰਵਿਆਂ ਅਨੁਸਾਰ ਹਰਿਆਣਾ ਦੇ ਅਧਿਕਾਰੀਆਂ ਨੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਇਹ ਬੱਸਾਂ ਚਲਾਉਣ ਦੀ ਉਸ ਵੇਲੇ ਅਪੀਲ ਕੀਤੀ ਗਈ, ਜਦੋਂ ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੀ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਨੂੰ ਅੱਜ ਦੁਸਹਿਰੇ ਵਾਲੇ ਦਿਨ ਵੀ ਨਾ ਖੋਲਿਆ ਗਿਆ। ਅਧਿਕਾਰੀਆਂ ਨੇ ਤਿਉਹਾਰ ਦੇ ਦਿਨ ਨੂੰ ਮੁੱਖ ਰੱਖਦਿਆਂ ਪ੍ਰਾਈਵੇਟ ਬੱਸਾਂ ਦਾ ਸਹਾਰਾ ਲਿਆ ਗਿਆ। ਇਨ੍ਹਾਂ ਪ੍ਰਾਈਵੇਟ ਬੱਸਾਂ ਨੂੰ ਫਤਿਆਬਾਦ ਅਤੇ ਸਿਰਸਾ ਦੇ ਜ਼ਿਲ੍ਹਾ ਟਰਾਂਸਪੋਰਟ ਅਫਸਰਾਂ ਵੱਲੋਂ ਚਲਾਉਣ ਦੀ ਥਾਪੀ ਦਿੱਤੀ ਗਈ। ਪਹਿਲਾਂ ਇਨ੍ਹਾਂ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਤੋਂ ਮਾਲਕਾਂ ਵੱਲੋਂ ਆਨਾ—ਕਾਨੀ ਕੀਤੀ ਗਈ, ਪਰ ਜਦੋਂ ਅਧਿਕਾਰੀਆਂ ਨੇ ਹਰ ਤਰ੍ਹਾਂ ਦੀ ਸਹਾਇਤਾ ਦੇ ਨਾਲ ਪੁਲੀਸ ਦੀ ਮੱਦਦ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ ਤਾਂ ਇਸ ਜ਼ਿਲ੍ਹੇ ਦੇ ਮਾਲਕਾਂ ਨੇ ਬੱਸਾਂ ਨੂੰ ਚਲਾਉਣ ਦਾ ਮਨ ਬਣਾ ਲਿਆ ਗਿਆ ਅਤੇ ਇਨ੍ਹਾਂ ਬੱਸਾਂ ਨੂੰ ਹਰਿਆਣਾ ਦੇ ਖੇਤਰ ਵਿਚ ਬਕਾਇਦਾ ਭੇਜਿਆ ਗਿਆ।
ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੀਆਂ ਬੱਸਾਂ ਨੂੰ ਫਤਿਆਬਾਦ, ਰਤੀਆ, ਡਿੰਗ ਰੋਡ, ਸਿਰਸਾ, ਡੱਬਵਾਲੀ, ਕਾਲਿਆਂਵਾਲੀ ਅਤੇ ਹੋਰ ਪੰਜਾਬ ਨਾਲ ਲੱਗਦੇ ਰੂਟਾਂ ਉਤੇ ਚਲਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਬੱਸਾਂ ਵਾਲਿਆਂ ਨੂੰ ਭਲਕੇ ਮੁੜ ਬੱਸਾਂ ਚਲਾਉਣ ਦੀ ਅਪੀਲ ਕੀਤੀ ਗਈ ਹੈ।
ਇਕ ਅਧਿਕਾਰੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਬੇਸ਼ੱਕ ਹਰਿਆਣਾ ਰੋਡਵੇਜ਼ ਦੀ ਹੜਤਾਲ ਕਾਰਨ ਲੋਕਾਂ ਨੂੰ ਆਉਣ—ਜਾਣ ਵਿਚ ਵੱਡੀ ਦਿਕੱਤ ਖੜ੍ਹੀ ਹੋਈ ਹੈ, ਪਰ ਹਰਿਆਣਾ ਗੌਰਮਿੰਟ ਵੱਲੋਂ ਮੁਸ਼ਕਲਾਂ ਨੂੰ ਸਮਝਦਿਆਂ ਹੋਇਆਂ ਪੁਲੀਸ ਅਤੇ ਹੋਰਨਾਂ ਮਹਿਕਮਿਆਂ ਦੇ ਡਰਾਈਵਰਾਂ ਆਸਰੇ, ਜਿਥੇ ਬੱਸਾਂ ਨੂੰ ਚਲਾਇਆ ਜਾ ਰਿਹਾ ਹੈ, ਉਥੇ ਹੁਣ ਪ੍ਰਾਈਵੇਟ ਬੱਸਾਂ ਦੀ ਸਹਾਇਤਾ ਵੀ ਲਈ ਜਾਣ ਲੱਗੀ ਹੈ, ਜੋ ਸੂਬੇ ਦੇ ਹਿੱਤਾਂ ਵਿਚ ਹੈ।
ਇਸੇ ਦੌਰਾਨ ਹਰਿਆਣਾ ਵਿਚ ਲੋਕ ਸਹੂਲਤਾਂ ਲਈ ਪ੍ਰਾਈਵੇਟ ਬੱਸਾਂ ਲੈਕੇ ਗਏ ਇਕ ਡਰਾਈਵਰ ਬੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਿਆਣਾ ਦੇ ਖੇਤਰ ਵਿਚ ਬੱਸਾਂ ਚਲਾਉਣ ਤੋਂ ਕਿਸੇ ਨੇ ਨਹੀਂ ਰੋਕਿਆ ਅਤੇ ਉਨ੍ਹਾਂ ਨੇ ਤਿਉਹਾਰ ਦੇ ਇਸ ਦਿਨ ਲੋਕਾਂ ਦੀ ਸੇਵਾ ਕਰਕੇ ਇਕ ਚੰਗੇ ਪੁੰਨ ਅਤੇ ਜਸ ਵਾਲਾ ਕੰਮ ਕੀਤਾ ਹੈ।
ਫੋਟੋ ਨੰਬਰ: 05
ਫੋਟੋ ਕੈਪਸ਼ਨ: ਹਰਿਆਣਾ ਦੇ ਰਤੀਆ ਬੱਸ ਸਟੈਂਡ ਵਿਚ ਲੋਕ ਸੇਵਾ ਲਈ ਖੜ੍ਹੀਆਂ ਮਾਨਸਾ ਜ਼ਿਲ੍ਹੇ ਦੀਆਂ ਪ੍ਰਾਈਵੇਟ ਬੱਸਾਂ।