-ਮ੍ਰਿਤਕ ਲੁਧਿਆਣਾ ਤੋਂ ਸਿਰਸਾ ਜਾ ਰਹੇ ਸਨ
-ਸੜਕਾਂ ਤੇ ਪੀਟਰ ਰੇਹੜੇ ਚੱਲਣ ਤੋਂ ਰੋਕਣ ਦੀ ਲਾਈ ਪਾਬੰਦੀ ਦਾ ਮਾੜਾ ਹਾਲ ਸਾਹਮਣੇ ਆਇਆ
ਮਾਨਸਾ, 15 ਅਕਤੂਬਰ (ਵਿਸ਼ਵ ਵਾਰਤਾ)- ਬੇਸ਼ੱਕ ਰਾਜ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੀਟਰ ਰੇਹੜਿਆਂ ਦੇ ਮੁੱਖ ਮਾਰਗਾਂ *ਤੇ ਚੱਲਣ ਦੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਅੱਜ ਮਾਨਸਾ ਨੇੜੇ ਪਿੰਡ ਤਾਮਕੋਟ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਦੋ ਮੋਟਰ ਸਾਈਕਲ ਸਵਾਰ ਪੈਰੋਕਾਰਾਂ ਦੀ ਪੀਟਰ ਰੇਹੜੇ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਇਹ ਦੋਵੇਂ ਪੈਰੋਕਾਰ ਮੋਟਰਸਾਈਕਲ *ਤੇ ਲੁਧਿਆਣਾ ਦੇ ਪਿੰਡਾਂ ਵਿਚੋਂ ਮਾਨਸਾ ਦੇ ਰਸਤੇ ਰਾਹੀਂ ਹੁੰਦੇ ਹੋਏ ਡੇਰਾ ਸਿਰਸਾ ਜਾ ਰਹੇ ਸਨ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਇਸ *ਤੇ 174 ਦੀ ਕਾਰਵਾਈ ਕਰਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੱਠਾ ਧੂੰਆਂ ਵਾਸੀ ਕੁਲਵੰਤ ਸਿµਘ (35) ਤੇ ਕੰਮੇਆਣਾ ਵਾਸੀ ਕਰਮਜੀਤ ਸਿੰਘ (40) ਆਪਣੇ ਮੋਟਰਸਾਈਕਲ *ਤੇ ਸਵਾਰ ਹੋਕੇ ਸੋਮਵਾਰ ਦੀ ਸਵੇਰ ਸਿਰਸਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਤਾਮਕੋਟ ਨੇੜੇ ਸਬਜ਼ੀ ਲੈਕੇ ਜਾ ਰਹੇ ਇਕ ਪੀਟਰ ਰੇਹੜੇ ਨਾਲ ਟਕਰਾ ਗਿਆ, ਜਿਸ ਵਿਚ ਦੋਵਾਂ ਦੀ ਮੌਕੇ *ਤੇ ਹੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੀਟਰ ਰੇਹੜਿਆਂ ਨੂੰ ਬਣਾਉਣ ਅਤੇ ਚਲਾਉਣ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੁਰਘਟਨਾ ਕਾਰਨ ਮਾਰੇ ਗਏ ਦੋ ਵਿਅਕਤੀਆਂ ਸਦਕਾ ਅਜਿਹੀ ਪਾਬੰਦੀ ਦੀ ਇਸ ਖੇਤਰ ਵਿਚ ਪੋਲ ਖੁੱਲ ਗਈ ਹੈ।
ਮ੍ਰਿਤਕ ਕੁਲਵੰਤ ਸਿੰਘ ਭਤੀਜੇ ਛਿੰਦਰ ਸਿੰਘ ਅਤੇ ਜੋਰਾ ਸਿੰਘ ਨੇ ਦੱਸਿਆ ਕਿ ਇਹ ਦੋਨੋਂ ਜਣੇ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਸਨ ਅਤੇ ਡੇਰੇ ਵੱਲੋਂ ਲੋਕ ਭਲਾਈ ਦੇ ਕਾਰਜਾਂ ਵਿਚ ਹਮੇਸ਼ਾ ਵੱਧ ਚੜ੍ਹਕੇ ਭਾਗ ਲੈਂਦੇ ਸਨ ਅਤੇ ਅੱਜ ਵੀ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਕਾਰਜ ਸੇਵਾ ਲਈ ਜਾ ਰਹੀ ਸਨ।
ਥਾਣਾ ਸਦਰ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਭਤੀਜੇ ਛਿੰਦਰ ਸਿੰਘ ਦੇ ਬਿਆਨਾਂ ਤੋਂ ਬਾਅਦ ਮਾਮਲੇ ਨੂੰ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਾਂ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੋਟਰ ਸਾਈਕਲ ਸਮੇਤ ਪੀਟਰ ਰੇਹੜੇ ਨੂੰ ਕਬਜੇ ਵਿਚ ਲੈ ਲਿਆ ਹੈ।