Jalandhar Police: ‘ਆਪ’ ਆਗੂ ਦੇ ਕਤਲ ਮਾਮਲੇ ‘ਚ ਕੈਨੇਡਾ ਦੇ ਗੈਂਗਸਟਰ ਦਾ ਕਰੀਬੀ ਸਾਥੀ ਗ੍ਰਿਫ਼ਤਾਰ
ਪੁਲਿਸ ਨੇ ਕਾਰ ਤੇ ਅਸਲਾ ਕੀਤਾ ਜ਼ਬਤ
ਜਲੰਧਰ, 4 ਨਵੰਬਰ 2024 (ਵਿਸ਼ਵ ਵਾਰਤਾ): ਜਲੰਧਰ ਦਿਹਾਤੀ ਪੁਲਿਸ (Jalandhar Police) ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇੱਕ ਅਹਿਮ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਇਸ ਸਾਲ ਜਨਵਰੀ ‘ਚ ‘ਆਪ’ ਨੇਤਾ ਸੰਨੀ ਚੀਮਾ ਦਾ ਕਤਲ ਕਰਵਾਇਆ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ਼ ਜਗਦੀਪ ਠੋਲੂ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦੇ ਹੋਰ ਸਾਥੀ ਪਹਿਲਾਂ ਹੀ ਤਰਨਤਾਰਨ ‘ਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਜਲੰਧਰ ਦੇਹਾਤ ਪੁਲਿਸ ਦੇ ਐਸ.ਐਸ.ਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਫਿਲੌਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਐਸਬੀਐਸ ਨਗਰ ਤੋਂ ਤਰਨਤਾਰਨ ਜਾਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਫਿਲੌਰ ਥਾਣਾ ਇੰਚਾਰਜ ਸੁਖਦੇਵ ਸਿੰਘ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ .32 ਬੋਰ ਦਾ ਪਿਸਤੌਲ ਅਤੇ ਕਰੀਬ ਪੰਜ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ ਕਾਰ ਵੀ ਬਰਾਮਦ ਹੋਈ ਹੈ। ਮੁਲਜ਼ਮ ਨੂੰ ਫਿਲੌਰ ਚੈੱਕ ਪੋਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਫਰਵਰੀ ਨੂੰ ਤਰਨਤਾਰਨ ਵਿੱਚ ਦਰਜ ਐਫਆਈਆਰ ਵਿੱਚ ਮੁਲਜ਼ਮ ਪਹਿਲਾਂ ਹੀ ਲੋੜੀਂਦਾ ਸੀ।
SSP ਖੱਖ ਨੇ ਕਿਹਾ- ਤਰਨਤਾਰਨ ਚੀਮਾ ਕਤਲ ਕਾਂਡ ਦਾ ਮੁਲਜ਼ਮ ਦੋ ਸ਼ੂਟਰਾਂ ਨੂੰ ਵਾਰਦਾਤ ਵਾਲੀ ਥਾਂ ‘ਤੇ ਲੈ ਗਿਆ ਸੀ। ਬਾਠ ਨੇ ਅਪਰਾਧ ਤੋਂ ਬਾਅਦ ਭੱਜਣ ਦੀ ਯੋਜਨਾ ਨੂੰ ਨਿੱਜੀ ਤੌਰ ‘ਤੇ ਨਿਰਦੇਸ਼ਿਤ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂ ਸੰਨੀ ਚੀਮਾ ਦਾ ਜਨਵਰੀ 2024 ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਰਹਿੰਦੇ ਅੰਮ੍ਰਿਤਪਾਲ ਬਾਠ ਦੀ ਪਛਾਣ ਮੁੱਖ ਸਾਜ਼ਿਸ਼ਕਰਤਾ ਵਜੋਂ ਹੋਈ ਹੈ। ਜਾਂਚ ਵਿੱਚ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਹੋਇਆ ਹੈ। ਇਸ ਐਂਗਲ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਕਲਿਕ ਕਰੋ: https://wishavwarta.in/























