– ਗੁਰੂ ਦੇ ਸੱਚੇ—ਸਿੱਖ ਹੁੰਦਿਆਂ ਕੈਪਟਨ ਅਤੇ ਬਾਦਲਾਂ ਨੂੰ 7 ਅਕਤੂਬਰ ਦੀਆਂ ਰੈਲੀਆਂ ਰੱਦ ਕਰਨੀਆਂ ਚਾਹੀਦੀਆਂ ਹਨ
ਮਾਨਸਾ, 4 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਪਾਰਟੀ 7 ਅਕਤੂਬਰ ਨੂੰ ਬਰਗਾੜੀ ਵਿਚ ਕੀਤੇ ਜਾ ਰਹੇ ਰੋਸ ਮਾਰਚ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਹਰ ਘਰ ਵਿੱਚ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 7 ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਤੱਕ ਪੰਜਾਬ ਦਾ ਹਰ ਨਾਗਰਿਕ ਕਾਲੇ ਝੰਡਿਆਂ ਨਾਲ ਰੋਸ ਮਾਰਚ ਵਿੱਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਬਜਾਏ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਨੂੰ ਸਿਆਸੀ ਤੌਰ *ਤੇ ਗੁੰਮਰਾਹ ਕਰਦਿਆਂ ਵੱਖ—ਵੱਖ ਹਲਕਿਆਂ ਵਿੱਚ ਰੈਲੀਆਂ ਰੱਖਕੇ ਲੋਕਾਂ ਦਾ ਮੁੱਖ ਮੁੱਦੇ ਤੋਂ ਧਿਆਨ ਹਟਾਉਣਾ ਅਤੇ ਲੋਕਾਂ ਦੇ ਬਰਗਾੜੀ ਦੇ ਰੋਸ ਮਾਰਚ ਨੂੰ ਤਾਰਪੀਡੋ ਕਰਨਾ ਹੈ। ਉਹ ਮਾਨਸਾ ਨੇੜਲੇ ਪਿੰਡ ਬੀਰੋਕੇ ਕਲਾਂ ਦੀ ਸੱਥ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਖਹਿਰਾ ਨੇ ਕਿਹਾ ਕਿ ਲੋਕਾਂ ਦੀ ਸ਼ਕਤੀ ਅੱਗੇ ਸਰਕਾਰ ਨੂੰ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨਾਂ—ਮਜਦੂਰਾਂ ਦੀਆਂ ਖੁਦਕੁਸ਼ੀਆਂ ਨਹੀ ਰੁਕ ਰਹੀਆਂ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੇ ਹੱਕਾਂ ਲਈ ਮਾਲਵੇ ਦੀ ਧਰਤੀ ਤੋਂ ਦਸੰਬਰ ਦੇ ਮਹੀਨੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਇੱਕ ਲੱਖ ਤੋ ਵੱਧ ਲੋਕਾਂ ਵੱਲੋ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕੈਪਟਨ ਅਮਰਿੰਦਰ ਦੀ ਸਰਕਾਰ *ਤੇ ਦੋਸ਼ ਲਗਾਉਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਗੁਰੂ ਨੂੰ ਇੰਨਸਾਫ ਦੇਣ ਲਈ ਤਿਆਰ ਨਹੀਂ ਤਾਂ ਜਨਤਾ ਨੂੰ ਕਿੱਥੇ ਇਨਸਾਫ ਮਿਲੇਗਾ, ਪਰ ਉਹ ਜਬਰ ਦੇ ਖਿਲਾਫ ਆਮ ਜਨਤਾ ਨੂੰ ਨਾਲ ਲੈਕੇ ਲੜਾਈ ਲੜਾਗੇ।
ਉਨ੍ਹਾਂ ਦੱਸਿਆ ਕਿ 7 ਅਕਤੂਬਰ ਦੀਆਂ ਲੰਬੀ ਅਤੇ ਪਟਿਆਲਾ ਦੀਆਂ ਰੈਲੀਆਂ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਲਈ ਦੋਵੇ ਪਰਿਵਾਰਾਂ ਵੱਲੋ ਕਰੋੜਾ ਰੁਪਏ ਪਾਣੀ ਵਾਂਗ ਖਰਚ ਕੀਤੇ ਜਾਣਗੇ, ਜਦੋਂ ਕਿ ਪਟਿਆਲਾ ਦੀ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਦਿਹਾੜੀ ਅਤੇ ਸ਼ਰਾਬ ਦੀ ਬੋਤਲ ਦਾ ਵੀ ਪ੍ਰਬੰਧ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰੈਲੀ ਲਈ ਜ਼ਿਲ੍ਹੇ ਪੱਧਰ *ਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਵੱਲੋ ਬੱਸਾਂ ਨੂੰ ਘੇਰਿਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਦਾ ਸਾਰਾ ਤੰਤਰ ਮੰਤਰ ਲੱਗਿਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 7 ਅਕਤੂਬਰ ਦੇ ਕੋਟਕਪੂਰਾ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਆਪਣੇ ਸਾਧਨਾ ਰਾਹੀ ਕਾਲੇ ਝੰਡੇ, ਕਾਲੀਆਂ ਪੱਗਾਂ ਬੰਨ੍ਹਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।