– ਰਾਜਸਥਾਨੀ ਔਰਤਾਂ ਨੇ ਆਪਣੇ ਲਿਬਾਸ ਵਿਚ ਸੱਜ—ਧੱਜਕੇ ਪਾਈਆਂ ਵੋਟਾਂ
ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਲੁਧਿਆਣਾ—ਜਲੰਧਰ ਤੋਂ ਬਾਅਦ ਹੁਣ ਮਾਨਸਾ ਵਰਗੇ ਪੱਛੜੇ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਪੈਰ ਅਜਮਾਉਣੇ ਆਰੰਭ ਕਰ ਦਿੱਤੇ ਹਨ। ਇਸ ਖੇਤਰ ਦੇ ਪਿੰਡਾਂ ਵਿਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਵੋਟ ਦੀ ਵਰਤੋਂ ਕਰਨ ਦੇ ਦਿਲਚਸਪ ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਵਾਸੀ ਮਜ਼ਦੂਰ ਇਸ ਜਿਲ੍ਹੇ ਵਿਚ ਮਜ਼ਦੂਰੀ ਕਰਨ ਲਈ ਆਏ ਹੋਏ ਹਨ ਅਤੇ ਇਨ੍ਹਾਂ ਵੱਲੋਂ ਪਿੰਡਾਂ ਵਿਚ ਪੱਕੇ ਤੌਰ *ਤੇ ਰਹਿਣ ਬਸੇਰਾ ਬਣਾਕੇ ਆਪਣੀਆਂ ਬਕਾਇਦਾ ਵੋਟਾਂ ਬਣਾ ਲਈਆਂ ਹਨ। ਅੱਜ ਅਨੇਕਾਂ ਪਿੰਡਾਂ ਵਿਚ ਇਨ੍ਹਾਂ ਨੂੰ ਵੋਟਾਂ ਵਿਚ ਭਾਗ ਲੈਂਦਿਆਂ ਵੇਖਿਆ ਗਿਆ, ਇਨ੍ਹਾਂ ਮਜ਼ਦੂਰਾਂ ਦੀਆਂ ਆਪਣੀਆਂ ਪਤਨੀਆਂ ਦੀਆਂ ਵੋਟਾਂ ਵੀ ਇਥੇ ਬਣਾ ਰੱਖੀਆਂ ਹਨ। ਰਾਜਸਥਾਨੀ ਲੋਕਾਂ ਵੱਲੋਂ ਅਵਾਰਾ ਪਸ਼ੂਆਂ ਦੀ ਰਾਖੀ ਲਈ ਪਿੰਡਾਂ ਵਿਚ ਪੱਕੇ ਤੌਰ *ਤੇ ਲਏ ਠੇਕਿਆਂ ਕਾਰਨ ਚੁਸਤ ਰਾਜਸੀ ਲੋਕਾਂ ਨੇ ਅਜਿਹੇ ਠੇਕੇਦਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੋਟਾਂ ਬਣਾ ਲਈਆਂ ਹਨ, ਜਿੰਨ੍ਹਾਂ ਨੇ ਅੱਜ ਬਕਾਇਦਾ ਵੋਟਾਂ ਦੀ ਵਰਤੋਂ ਕੀਤੀ। ਰਾਜਸਥਾਨੀ ਔਰਤਾਂ ਨੇ ਆਪਣੇ ਲਿਬਾਸ ਵਿਚ ਸੱਜਕੇ ਖਿਆਲਾ ਕਲਾਂ ਅਤੇ ਅਨੇਕਾਂ ਹੋਰ ਪਿੰਡਾਂ ਵਿਚ ਵੋਟ ਦੀ ਵਰਤੋਂ ਕੀਤੀ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪਿੰਡਾਂ ਵਿਚ ਪਸ਼ੂਆਂ ਦੀਆਂ ਡੇਅਰੀਆਂ ਵਿਚ ਦੁੱਧ ਚੋਣ ਅਤੇ ਪੱਕੇ ਤੌਰ *ਤੇ ਕਿਸਾਨਾਂ ਨਾਲ ਰਲੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੀਆਂ ਵੋਟਾਂ ਬਣਾਈਆਂ ਹੋਈਆਂ ਹਨ, ਜਿੰਨ੍ਹਾਂ ਨੇ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਵੋਟਾਂ ਵਿਚ ਬਕਾਇਦਾ ਹਿੱਸਾ ਲਿਆ।
ਕਸਬਾ ਝੁਨੀਰ ਵਿਚ ਵੋਟ ਪਾਉਣ ਗਏ ਇਕ ਪ੍ਰਵਾਸੀ ਮਜ਼ਦੂਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਸ ਕਸਬੇ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ ਅਤੇ ਉਸ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜਾਉਣੀ ਵੀ ਆਰੰਭ ਕੀਤੀ ਹੋਈ ਹੈ।
ਝੁਨੀਰ ਦੇ ਇਕ ਹੋਰ ਪ੍ਰਵਾਸੀ ਮਜ਼ਦੂਰ ਕ੍ਰਿਸ਼ਨ ਯਾਦਵ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਰਾਹੀਂ ਇਥੇ ਆਇਆ ਸੀ ਅਤੇ ਹੁਣ ਯੂ.ਪੀ ਵਿਚੋਂ ਵੋਟਾਂ ਕਟਾਕੇ ਇਥੇ ਹੀ ਵੋਟਾਂ ਬਣਵਾ ਲਈਆਂ ਹਨ।
ਵੈਸੇ ਇਹ ਵੀ ਪਤਾ ਲੱਗਿਆ ਹੈ ਕਿ ਅਜਿਹੇ ਪ੍ਰਵਾਸੀਆਂ ਵੱਲੋਂ ਝੁਨੀਰ ਤੋਂ ਇਲਾਵਾ ਰੱਲਾ, ਜੌੜਕੀਆਂ, ਫੱਤਾ ਮਾਲੋਕਾ, ਝੰਡੂਕੇ, ਭਗਵਾਨਪੁਰ ਹੀਂਗਣਾ, ਹੀਰਕੇ, ਢੈਪਈ, ਚਾਉਕੇ ਸਮੇਤ ਦਰਜਨਾਂ ਹੋਰ ਪਿੰਡਾਂ ਵਿਚ ਆਪਣੀਆਂ ਵੋਟਾਂ ਬਣਵਾਈਆਂ ਹੋਈਆਂ ਹਨ ਅਤੇ ਇਹ ਵੋਟਾਂ ਉਨ੍ਹਾਂ ਪੰਜਾਬੀ ਵਿਅਕਤੀਆਂ ਵੱਲੋਂ ਮੁਹਰੇ ਲੱਗਕੇ ਬਣਵਾਈਆਂ ਹਨ, ਜਿੰਨ੍ਹਾਂ ਕੋਲ ਇਹ ਕੰਮ ਕਰਨ ਲਈ ਟਿਕੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਹੀ ਇਨ੍ਹਾਂ ਪ੍ਰਵਾਸੀਆਂ ਦੀਆਂ ਵੋਟਾਂ ਨੂੰ ਸਿਆਸੀ ਧਿਰਾਂ ਨਾਲ ਜੁੜਕੇ ਔਖ—ਸੌਖ ਵਿਚ ਵਰਤਿਆ ਜਾਂਦਾ ਹੈ।
ਫੋਟੋ ਕੈਪਸ਼ਨ: ਮਾਨਸਾ ਨੇੜੇ ਖਿਆਲਾ ਕਲਾਂ ਪਿੰਡ ਦੇ ਪੋਲਿੰਗ ਬੂਥ ਵਿਚ ਵੋਟ ਪਾਉਣ ਦੀ ਤਿਆਰੀ ਵਿਚ ਖੜ੍ਹੀਆਂ ਰਾਜਸਥਾਨੀ ਔਰਤਾਂ।