ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਲੱਗੀ ਰੋਕ
ਨਵੀਂ ਦਿੱਲੀ, 21 ਜੂਨ (ਵਿਸ਼ਵ ਵਾਰਤਾ) : ਈਡੀ ਵੱਲੋਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਰਾਊਜ ਐਵਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇ ਦਿੱਤੀ ਸੀ,ਅਤੇ ਕਿਆਸ ਲਗਾਏ ਜਾ ਰਹੇ ਸਨ ਕਿ ਅਰਵਿੰਦ ਕੇਜਰੀਵਾਲ ਅੱਜ ਜੇਲ ਤੋਂ ਰਿਹਾ ਹੋ ਸਕਦੇ ਹਨ। ਪਰ ਈਡੀ ਨੇ ਇਸ ਫੈਸਲੇ ਦੇ ਖਿਲਾਫ ਹਾਈਕੋਰਟ ਦੇ ਵਿੱਚ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਹੇਠਲੀ ਅਦਾਲਤ ਦਾ ਹੁਕਮ ਪ੍ਰਭਾਵ ਵੀ ਨਹੀਂ ਹੋਵੇਗਾ। ਯਾਨੀ ਕਿ ਹਾਈ ਕੋਰਟ ਦੀ ਸੁਣਵਾਈ ਪੂਰੀ ਹੋਣ ਤੱਕ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਨਹੀਂ ਆ ਸਕਣਗੇ। ਕੇਜਰੀਵਾਲ ਨੂੰ ਈਡੀ ਵੱਲੋਂ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਦੇ ਇਸ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਆਪਣੀ ਨਰਾਜ਼ਗੀ ਦਿਖਾਈ ਹੈ। ਉਹਨਾਂ ਕਿਹਾ ਹੈ ਕਿ, ” ਹੇਠਲੀ ਅਦਾਲਤ ਦਾ ਹੁਕਮ ਅਜੇ ਤੱਕ ਆਇਆ ਹੀ ਨਹੀਂ ਹੁਕਮਾਂ ਦੀ ਕਾਪੀ ਵੀ ਨਹੀਂ ਮਿਲੀ ਅਤੇ ਈਡੀ ਨੇ ਇਸ ਹੁਕਮ ਨੂੰ ਚੁਣੌਤੀ ਵੀ ਦੇ ਦਿੱਤੀ ਹੈ। ਇਸ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ। ਤੁਸੀਂ ਨਿਆ ਪ੍ਰਣਾਲੀ ਦਾ ਮਜ਼ਾਕ ਬਣਾ ਰੱਖਿਆ ਹੈ, ਸਾਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ। ” ਸੰਜੇ ਸਿੰਘ ਨੇ ਆਪਣੀ ਪੋਸਟ ਦੇ ਰਾਹੀਂ ਕੇਂਦਰ ਦੀ ਸਰਕਾਰ ਤੇ ਸਿਆਸੀ ਨਿਸ਼ਾਨਾ ਵਿਨਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕੋਰਟ ਦੀ ਸੁਣਵਾਈ ਕਦੋਂ ਪੂਰੀ ਹੁੰਦੀ ਹੈ। ਸੁਣਵਾਈ ਪੂਰੀ ਹੋਣ ਤੋਂ ਬਾਅਦ ਕੀ ਰਾਊਜ ਐਵਨਿਊ ਕੋਰਟ ਦੇ ਹੁਕਮ ਲਾਗੂ ਹੁੰਦੇ ਹਨ ਜਾਂ ਫਿਰ ਹਾਈਕੋਰਟ ਵੱਲੋਂ ਪੱਕੇ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਦਾ ਪਤਾ ਹਾਈ ਕੋਰਟ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ।























