ਪੰਜਾਬ ਚ ਇਸ ਜਗ੍ਹਾ ਪਿਆ ਮੀਂਹ ਹੋਈ ਗੜੇਮਾਰੀ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਅੰਮ੍ਰਿਤਸਰ 19 ਜੂਨ (ਵਿਸ਼ਵ ਵਾਰਤਾ) : ਗਰਮੀ ਦੇ ਕਹਿਰ ਕਾਰਨ ਜਿੱਥੇ ਲੋਕ ਘਰਾਂ ਵਿੱਚ ਨਿਕਲਣ ਤੋਂ ਵੀ ਡਰ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਅਜਨਾਲਾ ਖੇਤਰ ਦੇ ਵਿੱਚ ਮੌਸਮ ਸੁਹਾਵਣਾ ਹੋ ਗਿਆ ਹੈ। ਤੇਜ ਬਾਰਿਸ਼ ਅਤੇ ਗੜੇਮਾਰੀ ਹੋਈ ਹੈ। ਜਿਸ ਕਾਰਨ ਇਲਾਕੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਦਿਨਾਂ ਤੋਂ ਪੰਜਾਬ ਦੇ ਲੋਕ ਅੱਤ ਦੀ ਗਰਮੀ ਕਾਰਨ ਪਰੇਸ਼ਾਨ ਹਨ,ਅਜਿਹੇ ਵਿੱਚ ਸਰਹੱਦੀ ਖੇਤਰ ਤੇ ਹੋਈ ਬਾਰਿਸ਼ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ, ਤੇ ਆਮ ਲੋਕਾਂ ਨੂੰ ਵੀ ਗਰਮੀ ਦੇ ਮੌਸਮ ਤੋਂ ਰਾਹਤ ਮਿਲੀ ਹੈ।
ਇਹ ਬਾਰਿਸ਼ ਕਿਸਾਨਾਂ ਦੇ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਵਿੱਚ ਆਸਾਨੀ ਹੋਵੇਗੀ। ਜਲੰਧਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮੌਸਮ ਅੱਜ ਸ਼ਾਮ ਨੂੰ ਸੁਹਾਵਣਾ ਰਿਹਾ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਜਲੰਧਰ ਖੇਤਰ ਵਿੱਚ ਵੀ ਮੀਹ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਾਲੇ ਮਾਨਸੂਨ ਨਹੀਂ ਪਹੁੰਚਿਆ ਹੈ। ਮਾਨਸੂਨ ਤੋਂ ਪਹਿਲਾਂ ਹੋਣ ਵਾਲੀ ਇਹ ਬਰਸਾਤ ਵੈਸਟਰਨ ਡਿਸਟਰਬੈਂਸ ਕਾਰਨ ਹੋ ਰਹੀ ਹੈ। ਪੱਛਮੀ ਗੜਬੜੀ ਕਾਰਨ ਜਿੱਥੇ ਪੰਜਾਬ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਨੇ, ਉੱਥੇ ਹੀ ਮੌਸਮ ਵਿਭਾਗ ਵੱਲੋਂ ਇਹ ਅਨੁਮਾਨ ਵੀ ਦੱਸਿਆ ਗਿਆ ਹੈ ਕਿ ਬੁੱਧਵਾਰ ਰਾਤ ਨੂੰ ਕਈ ਜਗ੍ਹਾ ਤੇ ਮੀਂਹ ਪੈ ਸਕਦਾ ਹੈ। ਪੰਜਾਬ ਵਿੱਚ ਪੈਣ ਵਾਲੇ ਇਸ ਮੀਹ ਕਾਰਨ ਮੌਸਮ ਦੇ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ।























