ਪਠਾਨਕੋਟ ਪੁਲਿਸ ਨੇ ਬਲਾਤਕਾਰ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦੇ ਜੰਮੂ-ਕਸ਼ਮੀਰ ਦੇ ਦੋ ਬਦਨਾਮ ਅਪਰਾਧੀਆਂ ਨੂੰ ਕੀਤਾ ਕਾਬੂ
ਦੋਸ਼ੀਆਂ ਖ਼ਿਲਾਫ਼ ਜੰਮੂ-ਕਸ਼ਮੀਰ, ਪਠਾਨਕੋਟ, ਅਤੇ ਗੁਰਦਾਸਪੁਰ ਵਿੱਚ ਦਰਜਨਾਂ ਐਫਆਈਆਰਜ਼ ਦਰਜ ਸਨ
ਪਠਾਨਕੋਟ ਪੁਲਿਸ ਨੇ 11 ਮਹੀਨਿਆਂ ਦੇ ਅੰਦਰ ਕੁੱਲ 87 ਭਗੌੜੇ ਅਪਰਾਧੀਆਂ ਨੂੰ ਫੜਿਆ, ਜਿਸ ਵਿੱਚ ਜੰਮੂ ਅਤੇ ਕਸ਼ਮੀਰ ਦੇ ਦੋ ਬਦਨਾਮ ਅਪਰਾਧੀਆਂ ਦੀ ਹਾਲੀਆ ਗ੍ਰਿਫਤਾਰੀ ਵੀ ਸ਼ਾਮਲ ਹੈ
ਪੁਲਿਸ ਨੇ ਸਫਲਤਾਪੂਰਵਕ ਕਾਰਵਾਈ ਕਰਦਿਆਂ 260 ਗ੍ਰਾਮ ਹੈਰੋਇਨ ਵੀ ਕੀਤੀ ਬਰਾਮਦ
ਪਠਾਨਕੋਟ, ਪੰਜਾਬ – 8 ਜੁਲਾਈ, 2023 (ਵਿਸ਼ਵ ਵਾਰਤਾ):- ਪਠਾਨਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੋ ਭਗੌੜੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਵਿਅਕਤੀ ਕਈ ਸਾਲਾਂ ਤੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚ ਰਹੇ ਸਨ, ਅਤੇ ਦੋਵੇਂ ਦੋਸ਼ੀਆਂ ਖਿਲਾਫ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਇਕ ਦਰਜਨ ਦੇ ਕਰੀਬ ਪਰਚੇ (ਐਫਆਈਆਰ) ਦਰਜ ਸਨ।
ਫੜੇ ਗਏ ਭਗੌੜਿਆਂ ਦੀ ਪਛਾਣ ਸ਼ੇਰ ਅਲੀ, ਜੋ ਕਿ ਸ਼ੇਰੂ ਵਾਸੀ ਬੇਲੀ ਚਰਨਾ, ਜੰਮੂ-ਕਸ਼ਮੀਰ ਵਜੋਂ ਹੋਈ ਹੈ, ਜੋ ਕਿ ਹੁਣ ਦੀਦਾ ਸਾਂਸੀਆਂ, ਦੀਨਾਨਗਰ, ਗੁਰਦਾਸਪੁਰ, ਅਤੇ ਰਾਜ ਬਲੀ, ਜੋ ਕਿ ਚਾਰੂ ਵਾਸੀ ਜਰਾਈ, ਕਠੂਆ, ਜੰਮੂ-ਕਸ਼ਮੀਰ ਵਜੋਂ ਹੋਈ ਹੈ।
ਇਸ ਸਫਲ ਆਪ੍ਰੇਸ਼ਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੰਸਪੈਕਟਰ ਰਾਜੇਸ਼ ਹਸਤੀਰ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਜਿਸ ਵਿੱਚ ਐਸ.ਆਈ ਰਵਿੰਦਰਪਾਲ ਇਨਚਾਰਜ ਪੀ.ਓ ਸਟਾਫ਼-1 ਅਤੇ ਐਸ.ਐਚ.ਓ ਸਦਰ, ਪਠਾਨਕੋਟ ਹਰਪ੍ਰੀਤ ਕੌਰ ਬਾਜਵਾ ਸ਼ਾਮਿਲ ਸਨ ਜੋ ਐਸ.ਪੀ ਡੀ ਦੀ ਨਿਗਰਾਨੀ ਹੇਠ ਕੋਟਲੀ ਪੁੱਲ, ਪਠਾਨਕੋਟ ਨੇੜੇ ਰੁਟੀਨ ਚੈਕਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦੋ ਸ਼ੱਕੀ ਵਿਅਕਤੀ ਮਿਲੇ ਤਦ ਪੁਲਿਸ ਨੇ ਤਲਾਸ਼ੀ ਲੈਣ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਦੋਸ਼ੀ ਦੇ ਖਿਲਾਫ ਥਾਣਾ ਸਦਰ ਪਠਾਨਕੋਟ ਵਿਖੇ 21/22 ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਵਿੱਚੋਂ ਇੱਕ ਰਾਜ ਬਾਲੀ ਨੇ ਗਾਂਧੀ ਨਗਰ, ਜੰਮੂ ਵਿੱਚ ਇੱਕ ਏਟੀਐਮ ਮਸ਼ੀਨ ਨੂੰ ਤੋੜਨ ਦੀ ਗੱਲ ਕਬੂਲੀ ਹੈ। ਫਿਰ ਉਸ ਨੇ ਮਹਿੰਦਰਾ ਬੋਲੈਰੋ ਵਿੱਚ ਮਸ਼ੀਨ ਨੂੰ ਗਾਂਧੀ ਨਗਰ ਤੋਂ 20 ਕਿਲੋਮੀਟਰ ਦੂਰ ਆਪਣੇ ਟਿਕਾਣੇ ਤੱਕ ਪਹੁੰਚਾਇਆ ਸੀ। ਰਾਜ ਬਾਲੀ ਇੱਕ ਆਦਤਨ ਅਪਰਾਧੀ ਹੈ ਜਿਸ ਦੇ ਖਿਲਾਫ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ, ਡਕੈਤੀ, ਅਗਵਾ, ਝਗੜਾ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਸਮੇਤ ਅੱਠ ਅਪਰਾਧਿਕ ਮਾਮਲੇ ਦਰਜ ਹਨ।
ਇਸ ਦੌਰਾਨ ਦੂਜਾ ਮੁਲਜ਼ਮ ਸ਼ੇਰ ਅਲੀ ਸਦਰ ਥਾਣਾ ਪਠਾਨਕੋਟ ਵਿਖੇ ਦਰਜ ਅਗਵਾ ਦੇ ਕੇਸ ਵਿੱਚ ਲੋੜੀਂਦਾ ਹੈ। ਉਹ ਧਾਰ ਕਲਾਂ ਪੁਲਿਸ ਸਟੇਸ਼ਨ, ਪਠਾਨਕੋਟ ਵਿਖੇ ਦਰਜ ਇੱਕ ਬਲਾਤਕਾਰ ਦੇ ਕੇਸ ਅਤੇ ਗੁਰਦਾਸਪੁਰ ਪੁਲਿਸ ਵਲੋ ਦਰਜ਼ ਕੀਤੇ ਨਸ਼ੇ ਦੇ ਕੇਸ ਵਿੱਚ ਵੀ ਲੋੜੀਂਦਾ ਹੈ। ਦੋਵੇਂ ਦੋਸ਼ੀ ਸੰਗੀਨ ਅਪਰਾਧੀ ਅਤੇ ਭਗੌੜੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਪਠਾਨਕੋਟ ਪੁਲਿਸ ਲਈ ਇੱਕ ਅਹਿਮ ਪ੍ਰਾਪਤੀ ਹੈ।
ਖੱਖ ਨੇ ਕਿਹਾ ਕਿ ਫੜੇ ਗਏ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਤਾਂ ਕਿ ਉਨ੍ਹਾਂ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਅਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਜਾ ਸਕੇ।
ਐਸਐਸਪੀ ਨੇ ਕਿਹਾ ਕਿ ਇਸ ਸਫਲ ਆਪ੍ਰੇਸ਼ਨ, ਪਠਾਨਕੋਟ ਪੁਲਿਸ ਦੀ ਖੇਤਰ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਅਪਰਾਧ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।























