ਕੇਰਲ ਤੋਂ ਬਾਅਦ ਕਰਨਾਟਕ ‘ਚ ਮਾਨਸੂਨ ਨੇ ਦਿੱਤੀ ਦਸਤਕ ਦਿੱਤੀ
ਦੇਸ਼ ਦੇ ਪੂਰਬੀ ਹਿੱਸਿਆਂ ‘ਚ ਅਗਲੇ 3-4 ਦਿਨਾਂ ਤੱਕ ਹੋਰ ਵਧੇਗੀ ਗਰਮੀ
ਚੰਡੀਗੜ੍ਹ, 9ਜੂਨ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਮਾਨਸੂਨ ਕੇਰਲ ਪਹੁੰਚ ਗਿਆ, ਤੇਜ਼ੀ ਨਾਲ ਅੱਗੇ ਵਧਿਆ ਅਤੇ ਕੇਰਲ ਨੂੰ ਪਾਰ ਕਰ ਕੇ ਇਕ ਦਿਨ ਦੇ ਅੰਦਰ ਹੀ ਕਰਨਾਟਕ ਪਹੁੰਚ ਗਿਆ ਹੈ। ਦੂਜੇ ਪਾਸੇ ਤਾਮਿਲਨਾਡੂ ਵਿੱਚ ਵੀ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਅਗਲੇ ਦੋ ਦਿਨਾਂ ਵਿੱਚ ਤਾਮਿਲਨਾਡੂ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਪਹੁੰਚ ਜਾਵੇਗਾ। ਆਈਐਮਡੀ ਦੇ ਅਨੁਸਾਰ, 10 ਜੂਨ ਤੱਕ, ਮਾਨਸੂਨ ਦੱਖਣ ਤੋਂ ਅੱਗੇ ਵਧਦਾ ਹੋਇਆ ਮਹਾਰਾਸ਼ਟਰ ਪਹੁੰਚ ਜਾਵੇਗਾ ਅਤੇ ਉੱਤਰ-ਪੂਰਬੀ ਰਾਜਾਂ ਨੂੰ ਕਵਰ ਕਰੇਗਾ ਅਤੇ ਪੱਛਮੀ ਬੰਗਾਲ ਦੇ ਰਸਤੇ ਬਿਹਾਰ ਪਹੁੰਚੇਗਾ। 15 ਜੂਨ ਤੱਕ ਮਾਨਸੂਨ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਪੂਰੇ ਬਿਹਾਰ ਨੂੰ ਕਵਰ ਕਰ ਸਕਦਾ ਹੈ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਤੋਂ ਅੱਗੇ ਵਧਦੇ ਹੋਏ ਮਾਨਸੂਨ 20 ਜੂਨ ਤੱਕ ਰਾਜਸਥਾਨ ਵਿੱਚ ਦਾਖਲ ਹੋ ਸਕਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਦੇ ਪੂਰਬੀ ਹਿੱਸਿਆਂ ‘ਚ ਅਗਲੇ 3-4 ਦਿਨਾਂ ਤੱਕ ਗਰਮੀ ਵਧੇਗੀ। ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਪੂਰਬੀ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਗਰਮੀ ਦੀ ਲਹਿਰ ਜਾਰੀ ਰਹੇਗੀ। ਉੱਤਰ-ਪੱਛਮੀ ਭਾਰਤ ਭਾਵ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਅਗਲੇ 5 ਦਿਨਾਂ ਤੱਕ ਤਾਪਮਾਨ ਆਮ ਨਾਲੋਂ 3-5 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ।






















