ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤਾ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦਾ ਵਿੱਦਿਅਕ ਕੈਲੰਡਰ
ਮਾਨਸਾ, 18 ਅਪ੍ਰੈਲ(ਵਿਸ਼ਵ ਵਾਰਤਾ) ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦਾ ਵਿਦਿਅਕ ਕੈਲੰਡਰ ਅੱਜ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤਾ।ਇਸ ਮੌਕੇ ਸਿਖਿਆ ਮੰਤਰੀ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰਿਸੀਪਲ ਬੁੱਧਰਾਮ,ਡਾ ਭੀਮਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਕੂਲ ਮੁਖੀ ਮਨਦੀਪ ਕੁਮਾਰ,ਰਾਜਪਾਲ ਸਿੰਘ, ਪਿਆਰਾ ਸਿੰਘ ਗੁਰਨੇ ਕਲਾਂ ਅਤੇ ਮਹਿੰਦਰ ਕੁਮਾਰ ਵਰਮਾ ਹਾਜ਼ਰ ਸਨ।
ਚੰਡੀਗੜ੍ਹ ਵਿਖੇ ਜਾਰੀ ਕੀਤੇ ਗਏ ਇਸ ਕੈਲੰਡਰ ਨੂੰ ਸਿਖਿਆ ਮੰਤਰੀ ਨੇ ਧਿਆਨ ਨਾਲ ਵਾਚਦਿਆਂ ਇਸ ਕੈਲੰਡਰ ਦੀਆਂ ਕੁਝ ਕਾਪੀਆਂ ਆਪਣੇ ਕੋਲ ਰੱਖੀਆ ਅਤੇ ਸਿਖਿਆ ਵਿਭਾਗ ਦੇ ਹਰ ਦਫਤਰ ਵਿਚ ਇਸ ਕੈਲੰਡਰ ਦੀ ਕਾਪੀ ਪਹੁੰਚਾਉਣ ਲਈ ਕਿਹਾ।
ਸਕੂਲ ਦੇ ਇਸ ਉੱਦਮ ਦੀ ਸਲਾਘਾ ਕਰਦਿਆਂ ਸਿਖਿਆ ਮੰਤਰੀ ਨੇ ਕਿਹਾ ਕਿ ਕੈਲੰਡਰ ਤਿਆਰ ਕਰਨ ‘ਤੇ ਬਹੁਤ ਮਿਹਨਤ ਕੀਤੀ ਗਈ ਹੈ। ਇਹ ਕੈਲੰਡਰ ਸਕੂਲ ਦੀਆਂ ਵਿੱਦਿਅਕ ਵਰੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਕਿਰਿਆਵਾਂ ਦੀ ਪੂਰੀ ਰੂਪ ਰੇਖਾ ਹੈ। ਇਸ ਕੈਲੰਡਰ ਵਿੱਚ ਆਮ ਗਿਆਨ ਅਤੇ ਮਾਨਸਿਕ ਯੋਗਤਾ ਦੀ ਪਹਿਲਾਂ ਹੀ ਛੇਵੀਂ ਤੋਂ ਦਸਵੀਂ ਤੱਕ ਪੂਰੀ ਯੋਜਨਾ ਦਰਜ ਹੈ।ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਜਾਣ ਵਾਲੇ ਵਿੱਦਿਅਕ ਅਤੇ ਸਹਿ ਵਿੱਦਿਅਕ ਕੰਮਾਂ ਦਾ ਮਹੀਨਾਵਾਰ ਵੇਰਵਾ ਇਸ ਕੈਲੰਡਰ ਵਿੱਚ ਦਰਜ ਹੈ ।ਬਾਲ ਮੇਲੇ, ਖੇਡ ਮੇਲੇ,ਟਾਈਪਿੰਗ ਅਤੇ ਇੰਗਲਿਸ਼ ਸਪੀਕਿੰਗ ਦੇ ਮੁਕਾਬਲਿਆਂ ਦੀਆਂ ਮਿਤੀਆਂ ਦਰਜ ਹਨ ਤਾਂ ਜੋ ਵਿਦਿਆਰਥੀ ਪਹਿਲਾਂ ਹੀ ਇਹਨਾਂ ਮੁਕਾਬਲਿਆਂ ਦੀ ਤਿਆਰੀ ਸ਼ੁਰੂ ਕਰ ਸਕਣ।ਇਸਤੋਂ ਇਲਾਵਾ ਵਿਦਿਆਰਥੀਆਂ ਵਿਚ ਜਾਣਕਾਰੀ ਦਾ ਘੇਰਾ ਵਿਸ਼ਾਲ ਕਰਨ ਲਈ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਮਕਸਦ ਨਾਲ ਸਵੇਰ ਦੀ ਸਭਾ ਵਿੱਚ ਮਹੱਤਵਪੂਰਨ ਦਿਨਾਂ ਦੀ ਜਾਣਕਾਰੀ ਤੇ ਅਧਿਆਪਕਾਂ ਦੀ ਡਿਊਟੀ ਇਸ ਕੈਲੰਡਰ ਵਿੱਚ ਪਹਿਲਾਂ ਹੀ ਲਗਾਈ ਗਈ ਹੈ।
ਇਸ ਕੈਲੰਡਰ ਦਾ ਸੁਝਾਅ ਸਕੂਲ ਅਧਿਆਪਕ ਰਾਜਪਾਲ ਸਿੰਘ ਵਲੋਂ ਦਿੱਤਾ ਗਿਆ ਅਤੇ ਕੰਪਿਊਟਰ ਅਧਿਆਪਕ ਮਹਿੰਦਰ ਕੁਮਾਰ ਵਰਮਾ ਵਲੋਂ ਇਹ ਕੈਲੰਡਰ ਡਿਜਾਈਨ ਕੀਤਾ ਗਿਆ।
ਇਸ ਕੈਲੰਡਰ ਦੀ ਪੂਰੀ ਜਾਣਕਾਰੀ ਸਿਖਿਆ ਮੰਤਰੀ ਨੂੰ ਪਿਆਰਾ ਸਿੰਘ ਗੁਰਨੇ ਕਲਾਂ ਅਤੇ ਸਕੂਲ ਮੁਖੀ ਮਨਦੀਪ ਕੁਮਾਰ ਵਲੋਂ ਦਿੱਤੀ ਗਈ।
ਇਸਤੋਂ ਇਲਾਵਾ ਵਿਧਾਇਕ ਪ੍ਰਿਸੀਪਲ ਬੁੱਧਰਾਮ ਅਤੇ ਡਾ ਭੀਮਇੰਦਰ ਸਿੰਘ ਨੇ ਸਕੂਲ ਦੇ ਇਸ ਸ਼ਾਨਦਾਰ ਉਦਮ ਲਈ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
ਇਥੇ ਜ਼ਿਕਰਯੋਗ ਹੈ ਕਿ ਗੁਰਨੇ ਕਲਾਂ ਪਿੰਡ ਬੁਢਲਾਡਾ ਵਿਧਾਨ ਸਭਾ ਹਲਕੇ ਵਿਚ ਪੈਂਦਾ ਹੈ ਅਤੇ ਇਸ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਕਿਸੇ ਵੇਲੇ ਉਥੇ ਪੜਾਉਂਦੇ ਰਹੇ ਹਨ ਅਤੇ ਅੱਜਕਲ੍ਹ ਉਨ੍ਹਾਂ ਦਾ ਪੁੱਤਰ ਰਾਜਪਾਲ ਸਿੰਘ ਉਸ ਸਕੂਲ ਵਿੱਚ ਅਧਿਆਪਕ ਵੱਜੋਂ ਤਾਇਨਾਤ ਹੈ।























