ਅੱਜ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣਗੇ ਮੁੱਖ ਮੰਤਰੀ ਮਾਨ
ਸੂਬੇ ‘ਚ 8 ਟੋਲ ਪਲਾਜ਼ੇ ਪਹਿਲਾਂ ਹੀ ਬੰਦ ਕਰਵਾ ਚੁੱਕੀ ਹੈ ਪੰਜਾਬ ਸਰਕਾਰ
ਚੰਡੀਗੜ੍ਹ, 12ਅਪ੍ਰੈਲ(ਵਿਸ਼ਵ ਵਾਰਤਾ)- ਸੂਬਾ ਸਰਕਾਰ ਵੱਲੋਂ ਅੱਜ ਸੂਬੇ ਵਿੱਚ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12.00 ਵਜੇ ਦੇ ਕਰੀਬ ਪਟਿਆਲਾ ਤੋਂ ਸਮਾਣਾ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਗੇ। ਲੰਘੇ ਕੱਲ੍ਹ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ 9ਵਾਂ ਟੋਲ ਪਲਾਜ਼ਾ ਬੰਦ ਕਰਵਾਉਣਗੇ। ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰਸਮੀ ਤੌਰ ‘ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨਗੇ। ਦੱਸ ਦਈਏ ਕਿ ਹੁਣ ਤੱਕ ਪੰਜਾਬ ਸਰਕਾਰ ਸੂਬੇ ਵਿੱਚੋਂ 8 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ। ਇਸ ਤੋਂ ਪਹਿਲਾਂ 1ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਨੱਕੀਆਂ ਟੋਲ ਪਲਾਜ਼ਾ ਕੀਰਤਪੁਰ ਸਾਹਿਬ ਬੰਦ ਕਰਾਇਆ ਗਿਆ ਸੀ। ਸਭ ਤੋਂ ਪਹਿਲਾਂ 5 ਸਤੰਬਰ 2022 ਨੂੰ ਲੱਡਾ ਟੋਲ ਪਲਾਜ਼ਾ ਜਿਲ੍ਹਾ ਸੰਗਰੂਰ ਅਤੇ 5 ਸਤੰਬਰ ਨੂੰ ਹੀ ਅਹਿਮਦਗੜ੍ਹ ਟੋਲ ਪਲਾਜ਼ਾ ਸੰਗਰੂਰ-ਲੁਧਿਆਣਾ ਰੋਡ ‘ਤੇ ਬੰਦ ਕਰਾਇਆ ਗਿਆ, ਇਸ ਤੋਂ ਬਾਅਦ 15 ਦਸੰਬਰ 2022 ਨੂੰ ਲਾਚੋਵਾਲ ਟੋਲ ਪਲਾਜ਼ਾ ਹੁਸ਼ਿਆਰਪੁਰ ਬੰਦ ਕੀਤਾ ਗਿਆ। 31 ਦਸੰਬਰ 2022 ਨੂੰ ਮੱਖੂ ਟੋਲ ਪਲਾਜ਼ਾ ਅਤੇ 15 ਫ਼ਰਵਰੀ 2023 ਨੂੰ ਇੱਕੋ ਦਿਨ ਤਿੰਨ ਟੋਲ ਪਲਾਜ਼ੇ ਮਜਾਰੀ ਟੋਲ ਪਲਾਜ਼ਾ ਨਵਾਂਸ਼ਹਿਰ, ਨੰਗਲ ਸ਼ਹੀਦਾਂ ਟੋਲ ਹੁਸ਼ਿਆਰਪੁਰ ਅਤੇ ਮਾਨਗੜ੍ਹ ਟੋਲ ਪਲਾਜ਼ਾ ਹੁਸ਼ਿਆਰਪੁਰ ਬੰਦ ਕੀਤੇ ਗਏ ਹਨ।























