ਮਨੀ ਲਾਂਡਰਿੰਗ ਮਾਮਲੇ ‘ਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ‘ਚ ਵਾਧਾ
ਚੰਡੀਗੜ੍ਹ,22ਮਾਰਚ(ਵਿਸ਼ਵ ਵਾਰਤਾ)- ਦਿੱਲੀ ਦੀ ਅਦਾਲਤ ਨੇ ਸ਼ਰਾਬ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਹੁਣ ਉਸ ਨੂੰ 5 ਅਪ੍ਰੈਲ ਤੱਕ ਹਿਰਾਸਤ ‘ਚ ਰਹਿਣਾ ਹੋਵੇਗਾ। ਸਿਸੋਦੀਆ ਨੂੰ 5 ਦਿਨ ਦਾ ਈਡੀ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ(ਬੁੱਧਵਾਰ) ਨੂੰ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਜਿੱਥੇ ਸਿਸੋਦੀਆ ਨੇ ਜੇਲ੍ਹ ਵਿੱਚ ਕਿਤਾਬਾਂ ਪੜ੍ਹਨ ਲਈ ਅਰਜ਼ੀ ਦਿੱਤੀ, ਇਸ ‘ਤੇ ਅਦਾਲਤ ਨੇ ਕਿਹਾ ਕਿ ਕਿਤਾਬਾਂ ਸਿਸੋਦੀਆ ਨੂੰ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੀਬੀਆਈ ਅਤੇ ਈਡੀ ਦੋਵੇਂ ਹੀ ਸ਼ਰਾਬ ਨੀਤੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸਿਸੋਦੀਆ ਨੂੰ ਈਡੀ ਨੇ 9 ਮਾਰਚ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ 17 ਤੋਂ 22 ਮਾਰਚ ਤੱਕ ਈਡੀ ਰਿਮਾਂਡ ‘ਤੇ ਹੈ। ਉਸ ਦੀ ਹਿਰਾਸਤ 23 ਮਾਰਚ ਤੋਂ ਸੀਬੀਆਈ ਕੋਲ ਰਹੇਗੀ।























