ਵਿਜੀਲੈਂਸ ਨੇ ਸਾਬਕਾ ਵਿਧਾਇਕਾ ਸਤਕਾਰ ਕੌਰ ਤੋਂ ਕੀਤੀ ਪੁੱਛਗਿੱਛ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 14 ਮਾਰਚ(ਵਿਸ਼ਵ ਵਾਰਤਾ)- ਵਿਜੀਲੈਂਸ ਬਿਊਰੋ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੁਹਿੰਮ ਜਾਰੀ ਹੈ। ਜਿਸ ਦੇ ਤਹਿਤ ਸੋਮਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਜੋ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ, ਨੂੰ ਉਸਦੇ ਦਫਤਰ ਵਿੱਚ ਲਗਭਗ 4 ਘੰਟੇ ਤੱਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ। ਡੀਐਸਪੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਅਸੀਂ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਹੋਣ ਦੀ ਸ਼ਿਕਾਇਤ ਵਿੱਚ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਪਰ ਵੇਰਵੇ ਨਾਲ ਕੋਈ ਜਾਣਕਾਰੀ ਨਹੀਂ ਦੱਸ ਸਕਦੇ। ਸਾਡੇ ਕੋਲ ਪੁੱਛਗਿੱਛ ਲਈ ਤਿੰਨ ਮਹੀਨੇ ਦਾ ਸਮਾਂ ਹੈ।
ਜ਼ਿਕਰਯੋਗ ਹੈ ਕਿ ਸਤਕਾਰ ਕੌਰ 2017 ਵਿੱਚ ਕਾਂਗਰਸ ਪਾਰਟੀ ਤਰਫ਼ੋਂ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੀ ਅਤੇ ਬਾਅਦ ਵਿੱਚ 2022 ਵਿੱਚ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ।
ਵਿਜੀਲੈਂਸ ਅੱਗੇ ਪੇਸ਼ ਹੋਣ ਮਗਰੋਂ ਸਤਕਾਰ ਕੌਰ ਨੇ ਕਿਹਾ, ਮੈਂ ਜਾਂਚ ਵਿੱਚ ਸ਼ਾਮਲ ਹੋਈ ਹਾਂ ਅਤੇ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਅਸੀਂ ਆਪਣੀ ਜਾਇਦਾਦ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ ਹੈ। ਪਰ ਅਜਿਹੇ ਦੋਸ਼ ਸਰਕਾਰ ਦੇ ਬਦਲਣ ਨਾਲ ਲਾਏ ਜਾਂਦੇ ਹਨ ਅਤੇ ਇਹ ਸਿਆਸਤ ਤੋਂ ਪ੍ਰੇਰਿਤ ਹਨ। ਮੈਨੂੰ ਕਾਨੂੰਨੀ ਪ੍ਰਣਾਲੀ ਵਿੱਚ ਵਿਸ਼ਵਾਸ ਹੈ ਅਤੇ ਡਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਜਾਂਚ ਵਿਚ ਸਹਿਯੋਗ ਕਰ ਰਹੇ ਹਾਂ ਅਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ, ਜੋ ਵੀ ਦੋਸ਼ ਉਨ੍ਹਾਂ ਤੇ ਲਾਏ ਗਏ ਹਨ, ਉਹ ਦੋਸ਼ ਬੇਬੁਨਿਆਦ ਹਨ।























