ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਕੀਤਾ ED ਦੇ ਹਵਾਲੇ
ਪੜ੍ਹੋ, ਕਦੋਂ ਤੱਕ ਸਿਸੋਦੀਆ ਰਹੇਗਾ ਰਿਮਾਂਡ ਤੇ
ਜਮਾਨਤ ਪਟੀਸ਼ਨ ਤੇ ਸੁਣਵਾਈ ਫਿਰ ਮੁਲਤਵੀ
ਚੰਡੀਗੜ੍ਹ, 10ਮਾਰਚ(ਵਿਸ਼ਵ ਵਾਰਤਾ) ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਅਦਾਲਤ ਨੇ ਮਨੀਸ਼ ਸਿਸੋਦੀਆ ਦਾ 7 ਦਿਨ (17 ਮਾਰਚ ਤੱਕ) ਈਡੀ ਨੂੰ ਰਿਮਾਂਡ ਦੇ ਦਿੱਤਾ ਹੈ। ਹਾਲਾਂਕਿ, ਏਜੰਸੀ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਅਦਾਲਤ ਹੁਣ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ 21 ਮਾਰਚ ਨੂੰ ਦੁਪਹਿਰ 2 ਵਜੇ ਸੁਣਵਾਈ ਕਰੇਗੀ।
ਦੱਸ ਦੇਈਏ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰਵਾਰ ਦੇਰ ਸ਼ਾਮ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਸਿਸੋਦੀਆ ਨੂੰ ਲੈ ਕੇ ਦੁਪਹਿਰ 2 ਵਜੇ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਪਹੁੰਚੀ। ਇੱਥੇ ਏਜੰਸੀ ਨੇ ਸਿਸੋਦੀਆ ਦਾ 10 ਦਿਨ ਦਾ ਰਿਮਾਂਡ ਮੰਗਿਆ। ਇਸ ਤੋਂ ਬਾਅਦ ਵਿਸ਼ੇਸ਼ ਜੱਜ ਐਮਕੇ ਨਾਗਪਾਲ ਨੇ ਪਹਿਲਾਂ ਈਡੀ ਦੇ ਰਿਮਾਂਡ ‘ਤੇ ਸੁਣਵਾਈ ਸ਼ੁਰੂ ਕੀਤੀ।
ਐਡਵੋਕੇਟ ਜੋਹੇਬ ਹੁਸੈਨ ਨੇ ਅਦਾਲਤ ਵਿੱਚ ਈਡੀ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਾਬ ਨੀਤੀ ਬਣਾਉਣ ਪਿੱਛੇ ਕੋਈ ਸਾਜ਼ਿਸ਼ ਸੀ। ਇਸ ਦੇ ਨਿਯਮਾਂ ਵਿੱਚ ਬਦਲਾਅ ਕਰਕੇ ਕੁਝ ਵਿਸ਼ੇਸ਼ ਲੋਕਾਂ ਨੂੰ 6% ਦੀ ਬਜਾਏ 12% ਲਾਭ ਦਿੱਤਾ ਗਿਆ। ਸਿਸੋਦੀਆ ਨੇ ਇਸ ਨਾਲ ਜੁੜੇ ਡਿਜੀਟਲ ਸਬੂਤ ਵੀ ਨਸ਼ਟ ਕਰ ਦਿੱਤੇ। ਏਜੰਸੀ ਨੇ ਕਿਹਾ ਕਿ ਸ਼ਰਾਬ ਨੀਤੀ ਮਾਮਲੇ ‘ਚ 7 ਹੋਰ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਤਾਂ ਜੋ ਸਿਸੋਦੀਆ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾ ਸਕੇ।























