ਜਥੇਦਾਰ ਸੁੱਚਾ ਸਿੰਘ ਜੌਹਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਭੋਗ ਤੇ ਵਿਸ਼ੇਸ਼
ਚੰਡੀਗੜ੍ਹ,11ਫਰਵਰੀ(ਵਿਸ਼ਵ ਵਾਰਤਾ)- ਜਥੇਦਾਰ ਸੁੱਚਾ ਸਿੰਘ ਜੀ ਦਾ ਜਨਮ 20 ਮਾਰਚ 1937 ਨੂੰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪਿਤਾ ਨਰੰਜਨ ਸਿੰਘ ਜੌਹਲ ਦੇ ਗ੍ਰਹਿ ਪਿੰਡ ਜੌਹਲ, ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਆਪ ਨੇ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਗੁਰੂ ਹਰਿਰਾਏ ਸੈਕੰਡਰੀ ਸਕੂਲ ਦੁਸਾਂਝ ਕਲਾਂ ਤੋਂ ਦਸਵੀਂ ਪਾਸ ਕਰਨ ਤੋਂ ਬਾਅਦ ਪਟਵਾਰ ਪਾਸ ਕੀਤੀ ਅਤੇ ਲੈਂਡ ਮਾਰਗੇਜ ਬੈਂਕ (ਪੀ.ਏ.ਡੀ.ਬੀ) ਵਿੱਚ ਨੌਕਰੀ ਸ਼ੁਰੂ ਕੀਤੀ। ਇਸੇ ਸਮੇਂ ਦੌਰਾਨ ਉਨ੍ਹਾਂ ਦਾ ਸੰਪਰਕ ਸ੍ਰ: ਅਮਰ ਸਿੰਘ ਦੁਸਾਂਝ ਹੋਰਾਂ ਨਾਲ ਹੋਇਆ ਜੋ ਕਿ ਅਕਾਲੀ ਪੱਤ੍ਰਕਾ ਅਖ਼ਬਾਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਸਨ। ਸ੍ਰ: ਦੁਸਾਂਝ ਦਾ ਉਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਪੂਰਾ ਦਬ-ਦਬਾ ਸੀ ਅਤੇ ਉਨ੍ਹਾਂ ਨਾਲ ਰਹਿੰਦਿਆਂ ਜੌਹਲ ਸਾਹਿਬ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਜਥੇਦਾਰ ਸੁੱਚਾ ਸਿੰਘ ਜੌਹਲ ਹੋਰਾਂ ਦਾ ਵਿਆਹ ਨੇੜਲੇ ਪਿੰਡ ਲੇਹਲ ਵਿਖੇ ਸ੍ਰ: ਸਾਧੂ ਸਿੰਘ ਅਤੇ ਸਰਦਾਰਨੀ ਨਸੀਬ ਕੌਰ ਦੀ ਪੁੱਤਰੀ ਗੁਰਮੇਜ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਸੁਖਜੀਤ ਸਿੰਘ ਜੌਹਲ, ਸ੍ਰ: ਬਲਕਾਰ ਸਿੰਘ ਜੌਹਲ ਇੱਕ ਪੁੱਤਰੀ ਸੁਖਵਿੰਦਰ ਕੌਰ ਨੇ ਜਨਮ ਲਿਆ। ਵੱਡੇ ਬੇਟੇ ਸੁਖਜੀਤ ਸਿੰਘ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਕੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਡਿਵੈਲਪਮੈਂਟ ਅਫ਼ਸਰ ਦੀ ਤਰੱਕੀ ਕਰਨ ਤੋਂ ਬਾਅਦ ਵੀ .ਆਰ.ਐੱਸ. ਲੈ ਕੇ ਜਲੰਧਰ ਸੈਂਟਰਲ ਕੋ-ਅਪ੍ਰੇਟਿਵ ਬੈਂਕ ਦੀ ਚੋਣ ਲੜੇ ਤੇ ਡਾਇਰੈਕਟਰ ਚੁਣੇ ਗਏ। ਨੌਕਰੀ ਕਰਦਿਆਂ ਹੀ ਉਹਨਾਂ ਵਕਾਲਤ ਪਾਸ ਕੀਤੀ। ਬੇਟੀ ਸੁਖਵਿੰਦਰ ਕੌਰ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਦਾ ਵਿਆਹ ਕਮਲਜੀਤ ਸਿੰਘ ਥਾਂਦੀ ਦੇ ਨਾਲ ਕਰ ਦਿੱਤਾ ਜੋ ਕਿ ਅਮਰੀਕਾ ਵਿੱਚ ਸੈਂਟਲ ਹਨ। ਛੋਟੇ ਬੇਟੇ ਬਲਕਾਰ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀਬਾੜੀ ਦੇ ਕੰਮ ਨੂੰ ਸੰਭਾਲਿਆ। ਇਸ ਵਕਤ ਸੁਖਜੀਤ ਸਿੰਘ ਜੌਹਲ ਉਹਨਾਂ ਦੇ ਧਰਮ ਪਤਨੀ ਹਰਿੰਦਰ ਕੌਰ, ਬੇਟਾ ਜਸਪ੍ਰੀਤ ਸਿੰਘ ਅਤੇ ਬੇਟੀਆਂ, ਬਲਕਾਰ ਸਿੰਘ ਜੌਹਲ ਉਹਨਾਂ ਦੇ ਧਰਮ ਪਤਨੀ ਬਲਜੀਤ ਕੌਰ, ਬੇਟਾ ਸਿਮਰਨਜੀਤ ਸਿੰਘ ਅਤੇ ਬੇਟੀਆਂ, ਸੁਖਵਿੰਦਰ ਕੌਰ ਥਾਂਦੀ ਉਹਨਾਂ ਦੇ ਪਤੀ ਕਮਲਜੀਤ ਸਿੰਘ ਥਾਂਦੀ ਅਤੇ ਬੇਟਾ ਅਨਮੋਲ ਜੋਤ ਸਿੰਘ ਸਾਰੇ ਹੀ ਅਮਰੀਕਾ ਦੇ ਪੱਕੇ ਤੌਰ ਤੇ ਵਸਕੀਨ ਹਨ।ਜਥੇਦਾਰ ਜੌਹਲ ਹੋਰਾਂ ਨੇ ਆਪਣੇ ਪਰਿਵਾਰ ਨੂੰ ਉੱਚਾ ਚੁੱਕਣ ਵਾਸਤੇ ਬੜੀ ਮਿਹਨਤ ਕੀਤੀ। ਇਸ ਕਾਰਨ ਹੀ ਉਹਨਾਂ ਦੀਆਂ ਪੋਤਰੀਆਂ ਵਿੱਚੋਂ ਦੋ ਪੋਤਰੀਆਂ ਅਮਰੀਕਾ ਵਿਖੇ ਡਾਕਟਰੇਟ ਦੀ ਪੜ੍ਹਾਈ ਕਰ ਰਹੀਆਂ ਹਨ। ਆਪ ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਚੌਥੇ ਸਥਾਨ ਤੇ ਸਨ। ਜੌਹਲ ਸਾਹਿਬ ਦੇ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਤਾ ਸੀ। ਆਪ ਸ੍ਰ: ਬਲਵੰਤ ਸਿੰਘ (ਉਸ ਵਕਤ ਖਜ਼ਾਨਾ ਮੰਤਰੀ) ਦੇ ਵੀ ਕਾਫ਼ੀ ਨੇੜਲੇ ਸਾਥੀਆਂ ਵਿੱਚ ਗਿਣੇ ਜਾਂਦੇ ਸਨ। ਦੁਆਬੇ ਦੇ ਅਕਾਲੀ ਨੇਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਤਾਂ ਜਥੇਦਾਰ ਜੌਹਲ ਦਾ ਭਰਾਵਾਂ ਵਾਲਾ ਸਬੰਧ ਸੀ। ਜੌਹਲ ਪਰਿਵਾਰ ਅਤੇ ਵਡਾਲਾ ਪਰਿਵਾਰ ਅੱਜ ਤੱਕ ਇਕ ਦੂਸਰੇ ਦੇ ਦੁੱਖ ਸੁੱਖ ਦੇ ਸਾਂਝੀਦਾਰ ਹਨ। ਸ੍ਰ: ਚਰਨਜੀਤ ਸਿੰਘ ਅਟਵਾਲ (ਸਾਬਕਾ ਡਿਪਟੀ ਸਪੀਕਰ ਲੋਕ ਸਭਾ), ਮਰਹੂਮ ਸ੍ਰੀ ਇੰਦਰ ਕੁਮਾਰ ਗੁਜਰਾਲ (ਉਸ ਵਕਤ ਪ੍ਰਧਾਨ ਮੰਤਰੀ) ਸ੍ਰੀ ਨਰੇਸ਼ ਗੁਜਰਾਲ, ਸਵ: ਸ੍ਰੀ ਬਲਵੰਤ ਸਿੰਘ ਸਰਹਾਲ , ਸ੍ਰ. ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਸ੍ਰ: ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ, ਡਾ: ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਨਾਲ ਬਹੁਤ ਹੀ ਨੇੜੇ ਦੇ ਸੰਬੰਧ ਸਨ।
ਸ੍ਰ. ਅਮਰ ਸਿੰਘ ਦੁਸਾਂਝ ਦੇ ਚਲਾਣੇ ਤੋਂ ਬਾਅਦ ਜੌਹਲ ਸਾਹਿਬ ਹੁਰਾਂ ਨੇ ਉਹਨਾਂ ਦੇ ਚਲਾਏ ਪੂਰਨਿਆਂ ਤੇ ਚੱਲਦਿਆਂ ਦੁਸਾਂਝ ਸਾਹਿਬ ਦੇ ਧੜੇ ਦੀ ਬਾਂਹ ਫੜੀ ਅਤੇ ਇਲਾਕੇ ਦੇ ਮਜ਼ਬੂਤ ਅਕਾਲੀ ਨੇਤਾ ਵਜੋਂ ਆਪਣੇ ਸਾਥੀਆਂ ਦੀ ਮੱਦਦ ਨਾਲ ਆਪਣੇ ਆਪ ਨੂੰ ਸਥਾਪਿਤ ਕੀਤਾ। ਵਿਧਾਨ ਸਭਾ ਹਲਕਾ ਫਿਲੌਰ, ਨਕੋਦਰ, ਫਗਵਾੜਾ ਅਤੇ ਬੰਗਾ ਆਦਿ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਆਪ ਹੀ ਕਰਦੇ ਸਨ। ਪੰਜਾਬ ਸਹਿਕਾਰੀ ਐਗਰੀਕਲਚਰ ਵਿਕਾਸ ਬੈਂਕ ਦੀ ਨੌਕਰੀ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਆਪ ਨੇ ਆਪਣੇ ਆਪਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜੋ ਕਿ ਆਖਰੀ ਸਵਾਸਾਂ ਤੱਕ ਬਾਖ਼ੂਬੀ ਨਿਭਾਇਆ। ਇਲਾਕੇ ਦੇ ਲੋਕਾਂ ਦੀ ਨਿਰਸਵਾਰਥ ਹੋ ਕੇ ਇਮਾਨਦਾਰੀ ਨਾਲ ਸੇਵਾ ਕੀਤੀ।ਦੂਸਰਿਆਂ ਦੇ ਕੰਮਾਂ ਕਾਰਾਂ ਵਾਸਤੇ ਸਰਕਾਰੀ ਅਧਿਕਾਰੀਆਂ ਕੋਲ ਆਪਣੇ ਖਰਚੇ ਤੇ ਜਾਣਾ ਉਹ ਵੀ ਬਿਨਾਂ ਕੋਈ ਬੋਝ ਸੰਬੰਧਿਤ ਵਿਅਕਤੀ ਤੇ ਪਾਇਆ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਘਰ ਵਿੱਚ ਆਉਣ ਵਾਲੇ ਲੋਕਾਂ ਲਈ ਚਾਹ ਪਾਣੀ ਦੇ ਨਾਲ-ਨਾਲ ਲੰਗਰ ਦਾ ਇੰਤਜਾਮ ਵੀ ਹਰ ਵਕਤ ਤਿਆਰ ਰਹਿੰਦਾ ਸੀ। ਇਸੇ ਸੇਵਾ ਦੇ ਬਲਬੂਤੇ ਤੇ ਉਨ੍ਹਾਂ ਨੇ ਜੀਰੋ ਤੋਂ ਸ਼ੁਰੂ ਹੋ ਕੇ ਉਹ ਮੁਕਾਮ ਹਾਸਿਲ ਕੀਤਾ ਕਿ ਅੱਜ ਉਹਨਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਦੀ ਹਰ ਅੱਖ ਨਮ ਹੈ ਅਤੇ ਆਪਣੇ ਮਰਹੂਮ ਨੇਤਾ ਦੇ ਵਿਛੋੜੇ ਵਿੱਚ ਉਦਾਸ ਹੈ। ਉਹ ਸਿਆਸੀ ਮਾਮਲਿਆਂ, ਪੰਚਾਇਤੀ ਰਾਜੀਨਾਮਿਆਂ ਦੇ ਬੜੇ ਮਾਹਿਰ ਸਨ। ਉਹਨਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਕਾਰਨ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ, ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਗ਼ਰਲਜ਼ ਕਾਲਜ ਬਾਬਾ ਸੰਗ ਢੇਸੀਆਂ ਦੀ ਪ੍ਰਬੰਧਕ ਕਮੇਟੀ ਵਿੱਚ ਬਤੌਰ ਜਨਰਲ ਸੈਕਟਰੀ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਇਸਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮੈਮੋਰੀਅਲ ਹਸਪਤਾਲ ਦੁਸਾਂਝ ਕਲਾਂ ਦੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਅੰਤਿਮ ਸਵਾਸਾਂ ਤੱਕ ਬਾਖ਼ੂਬੀ ਨਿਭਾਈਆਂ ਅਤੇ ਇਸ ਤੋਂ ਪਹਿਲਾਂ ਜਥੇਦਾਰ ਜੌਹਲ ਪੰਜਾਬ ਰਾਜ ਸਹਿਕਾਰੀ ਐਗਰੀਕਲਚਰ ਵਿਕਾਸ ਬੈਂਕ ਚੰਡੀਗੜ੍ਹ ਦੇ ਡਾਇਰੈਕਟਰ ਵੀ ਰਹੇ ਅਤੇ ਦੀ ਫਿਲੌਰ ਪ੍ਰਾਇਮਰੀ ਐਗਰੀਕਲਚਰ ਵਿਕਾਸ ਬੈਂਕ ਲਿਮਟਿਡ ਗੁਰਾਇਆ ਦੇ ਲੰਬਾ ਸਮਾਂ ਪ੍ਰਧਾਨ ਰਹੇ। ਅੱਜ ਇਹਨਾਂ ਸਾਰੇ ਅਦਾਰਿਆਂ ਨੇ ਆਪਣੇ ਇੱਕ ਯੋਗ ਪ੍ਰਬੰਧਕ ਨੂੰ ਖੋਹ ਦਿੱਤਾ ਹੈ। ਜਥੇਦਾਰ ਸੁੱਚਾ ਸਿੰਘ ਜੌਹਲ ਦੇ ਚਲਾਣੇ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਇਲਾਕੇ ਦੇ ਲੋਕਾਂ ਨੂੰ ਵੀ ਬਹੁਤ ਵੱਡਾ ਸਦਮਾਂ ਲੱਗਾ ਹੈ। ਅਖ਼ੀਰ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਇਹੋ ਅਰਦਾਸ ਹੈ ਕਿ ਉਹ ਜਥੇਦਾਰ ਜੌਹਲ ਸਾਹਿਬ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਪਰਿਵਾਰ ਅਤੇ ਹੋਰ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।






















