ਲਾਰੈਂਸ ਗੈਂਗ ਦਾ ਗੁਰਗਾ ਕਾਬੂ: ਚੰਡੀਗੜ੍ਹ ਪੁਲਿਸ ਨੇ ਨਸ਼ੀਲੇ ਪਦਾਰਥ ਕੀਤੇ ਬਰਾਮਦ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਗਿਰੋਹ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ।
ਮੁਲਜ਼ਮ ਦੀ ਪਛਾਣ ਅਮਨਦੀਪ ਜੋਸ਼ੀ ਉਰਫ਼ ਰਾਜਬੀਰ ਜੋਸ਼ੀ (31) ਵਾਸੀ ਬਲੌਂਗੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਉਸ ਖ਼ਿਲਾਫ਼ ਮਲੋਆ ਥਾਣੇ ਵਿੱਚ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਪਰੇਸ਼ਨ ਸੈੱਲ ਅਨੁਸਾਰ ਪੁਲੀਸ ਨੇ ਮਲੋਆ ਪਿੰਡ ਤੋਗਾਂ ਦੇ ਮੋੜ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ 123 ਗ੍ਰਾਮ ਹੈਰੋਇਨ ਬਰਾਮਦ ਕੀਤੀ। ਆਪ੍ਰੇਸ਼ਨ ਸੈੱਲ ਨੇ ਦੱਸਿਆ ਹੈ ਕਿ ਅਮਨਦੀਪ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਸਾਲ 2013 ਵਿੱਚ ਬਲੌਂਗੀ ਥਾਣੇ ਵਿੱਚ ਦਰਜ ਹੋਇਆ ਸੀ। ਦੂਜਾ ਮਾਮਲਾ ਪੰਚਕੂਲਾ ਵਿੱਚ ਸਾਲ 2014 ਵਿੱਚ ਦਰਜ ਹੋਇਆ ਸੀ। ਦੂਜੇ ਪਾਸੇ ਥਾਣਾ ਭੌਂਗੀ ਵਿਖੇ ਤੀਸਰਾ ਮਾਮਲਾ ਸਾਲ 2015 ਵਿੱਚ ਦਰਜ ਹੋਇਆ ਸੀ। ਉਹ ਖਰੜ ਅਦਾਲਤ ਵਿੱਚੋਂ ਵੀ ਇੱਕ ਕੇਸ ਵਿੱਚ ਭਗੌੜਾ ਹੈ।
ਮੁਲਜ਼ਮ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਪੁੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।























