ਏਸ਼ੀਆ ਕੱਪ ‘ਚ ਅੱਜ ਭਾਰਤ ਅਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ)- ਏਸ਼ੀਆ ਕੱਪ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵੇਂ ਟੀਮਾਂ ਵਿੱਚ ਪਹਿਲੇ ਮੈਚ ‘ਚ ਉਤਸ਼ਾਹ ਆਪਣੇ ਸਿਖਰ ‘ਤੇ ਹੋਵੇਗਾ। ਕਰੀਬ 10 ਮਹੀਨਿਆਂ ਬਾਅਦ ਦੋਵੇਂ ਟੀਮਾਂ ਅੰਤਰਰਾਸ਼ਟਰੀ ਕ੍ਰਿਕਟ ‘ਚ ਆਹਮੋ-ਸਾਹਮਣੇ ਹੋ ਰਹੀਆਂ ਹਨ। ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ 13 ਮੈਚ ਹੋਏ ਹਨ, ਜਿਨ੍ਹਾਂ ‘ਚੋਂ ਭਾਰਤ ਨੇ 7 ਜਦਕਿ ਪਾਕਿਸਤਾਨ ਨੇ 5 ‘ਚ ਜਿੱਤ ਦਰਜ ਕੀਤੀ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਟੀ-20 ਵਿਸ਼ਵ ਕੱਪ 2021 ‘ਚ ਟੀਮ ਇੰਡੀਆ ਨੂੰ ਪਾਕਿਸਤਾਨ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਦੇ ਇਤਿਹਾਸ ‘ਚ ਟੀਮ ਇੰਡੀਆ ਦੀ ਇਹ ਪਹਿਲੀ ਹਾਰ ਸੀ। ਪਰ ਉਦੋਂ ਤੋਂ ਲੈ ਕੇ ਇਨ੍ਹਾਂ ਦਸ ਮਹੀਨਿਆਂ ਵਿੱਚ ਬਹੁਤ ਕੁਝ ਬਦਲ ਗਿਆ ਹੈ।