‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਵਿਵਾਦ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਥਾਨਕ ਪ੍ਰਸਾਸ਼ਨ ਤੋਂ ਮੰਗੀ ਰਿਪੋਰਟ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਉਹਨਾਂ ਦੀ ਪਤਨੀ ਦਾ ਵਿਵਾਦ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਮਹਿਲਾ ਕਮਿਸ਼ਨ ਦੀ ਵੀ ਐਂਟਰੀ ਹੋ ਗਈ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਪੂਰੇ ਮਾਮਲੇ ਦੀ ਰਿਪੋਰਟ ਸਥਾਨਕ ਪ੍ਰਸਾਸ਼ਨ ਤੋਂ 3 ਤੋਂ 7 ਦਿਨਾਂ ਦੇ ਅੰਦਰ ਮੰਗ ਲਈ ਹੈ। ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਐਮਐਲਏ ਕੋਈ ਆਮ ਨਾਗਰਿਕ ਨਹੀਂ ਹੁੰਦਾ ਸਗੋਂ ਜਨਤਾ ਦਾ ਨੁਮਾਇੰਦਾ ਹੁੰਦਾ ਹੈ। ਉਹਨਾਂ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਇਕੱਠੇ ਬਿਠਾ ਕੇ ਮਾਮਲੇ ਦਾ ਨਿਪਟਾਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਰੂਰਤ ਪੈਣ ਤੇ ਪੰਜਾਬ ਸਰਕਾਰ ਦੀ ਮਦਦ ਵੀ ਲਈ ਜਾਵੇਗੀ।