ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਵਿਜੀਲੈਂਸ ਪੰਜਾਬ ਦੇ ਚੀਫ ਡਾਇਰੈਕਟਰ ਨਾਲ ਮੁਲਾਕਾਤ
ਮੋਹਾਲੀ : 28 ਜੁਲਾਈ (ਵਿਸ਼ਵ ਵਾਰਤਾ)- ਅੱਜ ਇੱਥੇ ਇੰਡੀਅਨ ਫਾਰਮਰਜ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਪੰਜ ਮੈਂਬਰੀ ਵਫ਼ਦ ਚੌਕਸੀ ਵਿਭਾਗ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੂੰ ਉਹਨਾਂ ਦੇ ਮੁੱਖ ਦਫਤਰ ਮਹਾਲੀ ਵਿਖੇ ਮਿਲਿਆ। ਕਿਸਾਨ ਵਫ਼ਦ ਨੇ ਉਹਨਾਂ ਨੂੰ ਇੱਕ ਲਿਖਤੀ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਇੱਕ ਖੇਤੀਬਾੜੀ ਵਿਭਾਗ ਦੇ ਭ੍ਰਿਸ਼ਟ ਅਤੇ ਬਦਨਾਮ ਅਫ਼ਸਰ ਦੇ ਖਿਲਾਫ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚੌਕਸੀ ਵਿਭਾਗ ਦੇ ਦਫ਼ਤਰ ਵੱਲੋਂ ਜਾਂਚ ਮੁਕੰਮਲ ਕਰਕੇ 14/1/22 ਨੂੰ ਦੋਸ਼ੀ ਦੇ ਖਿਲਾਫ ਸੰਗੀਨ ਦੋਸ਼ ਸਾਬਤ ਹੋ ਚੁੱਕੇ ਹਨ ਅਤੇ ਉਸਦੇ ਖਿਲਾਫ ਪਰਚਾ ਦਰਜ ਕਰਨ ਦੀ ਆਗਿਆ ਦਿੱਤੀ ਜਾਵੇ। ਕਿਸਾਨ ਵਫ਼ਦ ਨੇ ਚੀਫ਼ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਭ੍ਰਿਸ਼ਟ ਅਧਿਕਾਰੀ ਦੇ ਹੱਥ ਲੰਮੇ ਹਨ ਅਤੇ ਆਪਣੇ ਬਚਾਅ ਲਈ ਪੈਰਵੀ ਕਰਕੇ ਬਚਣਾ ਚਾਹੁੰਦਾ ਹੈ। ਜਿਸ ਤੇ ਚੀਫ਼ ਡਾਇਰੈਕਟਰ ਵਿਜੀਲੈਂਸ ਨੇ ਕਿਸਾਨ ਵਫ਼ਦ ਦੀ ਹਾਜ਼ਰੀ ਵਿੱਚ ਆਪਣੇ ਇੱਕ ਸੰਬੰਧਤ ਅਫਸਰ ਨੂੰ ਸੱਦ ਕੇ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੇ ਭ੍ਰਿਸ਼ਟ ਅਧਿਕਾਰੀ ਖਿਲਾਫ਼ ਤੁਰੰਤ ਪਰਚਾ ਦਰਜ ਕਰਵਾਇਆ ਜਾਵੇ ਅਤੇ ਕਿਸਾਨ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਚੌਕਸੀ ਵਿਭਾਗ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਬਰਦਸਤ ਭ੍ਰਿਸ਼ਟਾਚਾਰ ਰੋਕੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਕਿਸਾਨ ਜੱਥੇਬੰਦੀਆਂ ਤੇ ਪਬਲਿਕ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਬਹਿਰੂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਨਕਲੀ ਖਾਦਾਂ ਕੀੜੇਮਾਰ ਦਵਾਈਆਂ ਅਤੇ ਬੀਜਾਂ ਨੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਹੈ। ਇਹ ਭਿਰਸ਼ਟ ਅਧਿਕਾਰੀ ਵੱਲੋਂ ਭਰੇ ਸੈਂਪਲ ਬਦਲ ਦਿੱਤੇ ਜਾਂਦੇ ਸਨ ਅਤੇ ਮਿਲਾਵਟਖੋਰਾਂ ਦੀ ਬਿਨਾਂ ਖੋਫ ਮੱਦਦ ਕਰਦਾਂ ਆ ਰਿਹਾ ਸੀ। ਇਸ ਤੋਂ ਅੱਗੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਖੇਤੀ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀ ਆਉਂਦੀ ਸੀ ਤਾਂ ਇਹ ਅਧਿਕਾਰੀ ਕਿਸਾਨਾਂ ਦੀ ਬਜਾਏ ਆਪ ਹੜੱਪ ਕਰਦਾ ਆ ਰਿਹਾ ਸੀ। ਜਿਸ ਦਾ ਚੋਰਾਹੇ ਭਾਂਡਾ ਡੀ ਐਸ ਪੀ ਵਿਜੀਲੈਂਸ ਬਿਊਰੋ ਫਤਿਹਗੜ੍ਹ ਸਾਹਿਬ ਨੇ ਭੰਨਕੇ ਅਧਿਕਾਰੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਪੰਜਾਬ ਸਰਕਾਰ ਤੋਂ ਆਗਿਆ ਮੰਗੀ ਹੈ। ਅੱਜ ਦੇ ਕਿਸਾਨ ਵਫ਼ਦ ਵਿੱਚ ਬਹਿਰੂ ਤੋਂ ਇਲਾਵਾ ਜਿਹੜੇ ਹੋਰ ਕਿਸਾਨ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਹਰਦੇਵ ਸਿੰਘ ਗਿੱਲ, ਗੁਰਮੇਲ ਸਿੰਘ ਬੋਸਰ, ਰਣਜੀਤ ਸਿੰਘ ਆਕੜ ਅਤੇ ਬਲਿਹਾਰ ਸਿੰਘ ਰੁੜਕੀ ਸ਼ਾਮਲ ਸਨ।






















