ਬਾਗਬਾਨੀ ਵਿਭਾਗ ਲਗਾਏਗਾ ਸਕੂਲਾਂ ਵਿਚ 7 ਹਜ਼ਾਰ ਫਲਦਾਰ ਪੌਦੇ
ਡਿਪਟੀ ਕਮਿਸ਼ਨਰ ਕਰਨਗੇ 15 ਜੁਲਾਈ ਤੋਂ ਮੁਹਿੰਮ ਦੀ ਸ਼ੁਰੂਆਤ
ਕਪੂਰਥਲਾ, 12 ਜੁਲਾਈ(ਵਿਸ਼ਵ ਵਾਰਤਾ)-ਬਾਗਬਾਨੀ ਵਿਭਾਗ ਕਪੂਰਥਲਾ ਵਲੋਂ ਜਿਲ੍ਹੇ ਵਿਚ 15 ਜੁਲਾਈ ਤੋਂ ਸਰਕਾਰੀ ਸਕੂਲਾਂ ਦੇ ਵਿਹੜੇ ਅੰਦਰ ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ ਜਾਵੇਗੀ।
ਇਸਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਕੀਤੀ ਜਾਵੇਗੀ, ਜਿਸ ਤਹਿਤ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵਲੋਂ ਇਸ ਮੁਹਿੰਮ ਲਈ ਬਾਗਬਾਨੀ ਵਿਭਾਗ ਤੇ ਸਕੂਲੀ ਸਿੱਖਿਆ ਵਿਭਾਗ ਨੂੰ ਸਾਂਝੀਆਂ ਟੀਮਾਂ ਦਾ ਗਠਨ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੌਦਿਆਂ ਦੀ ਸਾਂਭ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਗੁਰਿੰਦਰ ਸਿੰਘ ਧੰਜਲ,ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਸ਼ਲਿੰਦਰ ਕੌਰ , ਆਈ.ਐਫ. ਐਸ.ਡਾਇਰੈਕਟਰ ਬਾਗਬਾਨੀ, ਪੰਜਾਬ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ1.25 ਲੱਖ ਫਲਦਾਰ ਪੌਦੇ ਲਾਉਣ ਦਾ ਟੀਚਾ ਹੈ। ਕਪੂਰਥਲਾ ਜਿਲ੍ਹੇ ਅੰਦਰ ਲਗਭਗ 700 ਸਕੂਲਾਂ ਅੰਦਰ 7000 ਪੌਦੇ ਲਗਾਏ ਜਾਣੇ ਹਨ।
ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਦੇਸੀ ਫਲਦਾਰ ਪੌਦੇ ਜਿਵੇਂ ਕਿ ਅਮਰੂਦ, ਅੰਬ, ਜਾਮਨ, ਕਿੰਨੂ ਆਦਿ ਦੇ ਬੂਟੇ ਲਾਉਣ ਦੀ ਮੁਹਿੰਮ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।




















