ਬਸਪਾ ਗਰੀਬ ਮਜ਼ਲੂਮ ਦਲਿਤ ਪਛੜੇ ਦੀ ਲੜਾਈ ਜਾਤੀ ਧਰਮ ਤੋਂ ਉਪਰ ਉਠਕੇ ਲੜਦੀ ਰਹੇਗੀ – ਜਸਵੀਰ ਸਿੰਘ ਗੜ੍ਹੀ
ਮੋਹਾਲੀ/ਚੰਡੀਗੜ੍ਹ 27 ਮਈ(ਵਿਸ਼ਵ ਵਾਰਤਾ)-ਮੋਹਾਲੀ ਜਿਲ੍ਹੇ ਦੇ ਸੁੰਡਰਾਂ ਵਿਖੇ 14ਮਈ ਨੂੰ ਖੇਤਾਂ ਨੂੰ ਲਗਾਈ ਅੱਗ ਨਾਲ 50ਝੁੱਗੀਆਂ ਅਤੇ ਡੇਢ ਸਾਲ ਦੀ ਬੱਚੀ ਵੀ ਜਲਕੇ ਸੁਆਹ ਹੋ ਗਏ। ਸੋਸ਼ਲ ਮੀਡੀਆ ਉਪਰ ਜਲੀ ਬੱਚੀ ਰੂਪਾਂ (ਰੁਪਾਲੀ) ਦੀਆਂ ਦਰਦਨਾਕ ਤਸਵੀਰਾਂ ਵਾਇਰਲ ਹੋਈਆਂ। ਮਈ 16 ਨੂੰ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਘਟਨਾ ਸਥਲ ਦਾ ਦੌਰਾ ਕੀਤਾ ਸੀ। ਇਸ ਘਟਨਾ ਨੂੰ ਲੈਕੇ ਬਹੁਜਨ ਸਮਾਜ ਪਾਰਟੀ ਲਗਾਤਾਰ ਸਰਕਾਰ ਤੇ ਪ੍ਰਸ਼ਾਸ਼ਨ ਅੱਗੇ ਸੰਘਰਸ਼ ਕਰ ਰਿਹਾ ਹੈ। ਬਸਪਾ ਨੇ 20ਮਈ ਨੂੰ ਡੇਰਾਬੱਸੀ ਐਸ ਡੀ ਐਮ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਕੇ ਰੋਸ ਮੁਜਾਹਰਾ ਕੀਤਾ ਸੀ ਅਤੇ 27ਮਈ ਤਕ ਦਾ ਮਜ਼ਦੂਰਾਂ ਲਈ ਰਾਹਤ ਦੇਣ ਲਈ ਪ੍ਰਸ਼ਾਸ਼ਨ ਨੂੰ ਅਲਟੀਮੇਟਮ ਦਿੱਤਾ ਸੀ।
ਬਸਪਾ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਅੱਜ ਠਾਠਾਂ ਮਾਰਦੇ ਲੋਕਾਂ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ 10 ਦਿਨ ਬੀਤਣ ਤੋਂ ਬਾਅਦ ਵੀ ਸਰਕਾਰ ਨੇ 50ਮਜਦੂਰ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਬਸਪਾ ਨੇ ਮਜ਼ਦੂਰਾਂ ਲਈ 4/4ਮਰਲੇ ਦੇ ਪੰਚਾਇਤੀ ਪਲਾਟ, ਪ੍ਰਧਾਨ ਮੰਤਰੀ ਯੋਜਨਾ ਤਹਿਤ ਘਰ, ਪੀੜਿਤ ਜਲਕੇ ਮਰੀ ਬੱਚੀ ਦੇ ਪਰਿਵਾਰ ਲਈ 50 ਲੱਖ ਰੁਪਿਆ ਅਤੇ ਜਲੀਆ ਝੁੱਗੀਆਂ ਦੇ 50 ਪੀੜਿਤ ਨੂੰ 25 ਲੱਖ ਰੁਪਏ ਦੀ ਰਾਹਤ ਦੇਣ ਦੀ ਮੰਗ ਕੀਤੀ ਹੈ। ਮੁੱਖ ਦੋਸ਼ੀ ਤਰਨਜੀਤ ਸਿੰਘ ਜਿਸਨੇ ਕਿ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਅੱਗੇ ਠੇਕੇ ਤੇ ਦਿੱਤੀ ਹੈ, ਜੋਕਿ ਅੱਜ ਤੱਕ ਵੀ ਮਜ਼ਦੂਰਾਂ ਨੂੰ ਲਗਾਤਾਰ ਧਮਕਾਉਣ ਦਾ ਕੰਮ ਕਰ ਰਿਹਾ, ਖ਼ਿਲਾਫ਼ ਆਈ ਪੀ ਸੀ 304 ਦਾ ਕੇਸ ਦਰਜ ਕੀਤਾ ਜਾਵੇ।
ਸ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਉਸ ਨੂੰ ਹਰਾ ਪੈੱਨ ਚਾਹੀਦਾ ਹੈ। ਅੱਜ ਮੁੱਖ ਮੰਤਰੀ ਹਰੇ ਪੈੱਨ ਦਾ ਮਾਲਿਕ ਹੈ, ਲੇਕਿਨ ਮਨੂਵਾਦੀ ਜਾਤੀਵਾਦੀ ਸੋਚ ਕਰਕੇ ਆਪ ਪਾਰਟੀ ਸਰਕਾਰ ਦਾ ਹਰਾ ਪੈੱਨ ਮਜ਼ਦੂਰਾਂ, ਮੁਲਾਜ਼ਮਾਂ, ਦਲਿਤਾਂ ਪੱਛੜੇ ਵਰਗਾਂ, ਮਜ਼ਲੂਮਾਂ ਦੇ ਖਿਲਾਫ ਚਲ ਰਿਹਾ ਹੈ, ਜਿਸਦੀ ਤਾਜ਼ਾ ਉਦਾਹਰਣ ਮਜ਼ਦੂਰਾਂ ਦਾ ਮੌਜੂਦਾ ਕੇਸ ਹੈ।
ਬਸਪਾ ਵਿਧਾਇਕ ਡਾ ਨੱਛਤਰ ਪਾਲ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ ਲੋਕਾਂ ਦੀ ਵਿਸ਼ਾਲ ਲਾਮਬੰਦੀ ਲਈ ਪੰਜਾਬ ਵਿੱਚ ਰਹਿਣ ਵਾਲੇ ਹੈ ਵਸਨੀਕ ਦੀ ਲੜਾਈ ਲੜੇਗੀ। ਝੁੱਗੀਆਂ ਵਿਚ ਮਰੀ ਬੱਚੀ ਦੇ ਪਿਤਾ ਰਾਮਵੀਰ ਨੇ ਕਿਹਾ ਕਿ ਉਸ ਦਾ ਪਰਿਵਾਰ ਬਸਪਾ ਦੇ ਨਾਲ ਹੈ। ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਬਸਪਾ ਵਰਕਰ ਹੱਥਾਂ ਵਿਚ ਤਖਤੀਆਂ ਤੇ ਨੀਲੇ ਝੰਡੇ ਨਾਲ ਲੈਕੇ ਸ਼ਾਮਿਲ ਹੋਏ। ਬਸਪਾ ਵਰਕਰਾਂ ਦੇ ਸਖ਼ਤ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸ਼ਨ ਵਲੋਂ ਖੰਡ ਵਿਕਾਸ ਅਧਿਕਾਰੀ ਹਰਬੰਸ ਲਾਲ ਅਤੇ ਉਪ ਅਧੀਕਸ਼ਕ ਪੁਲਿਸ ਮਨਵੀਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਗੱਲਬਾਤ ਹੋਈ, ਜਿਸ ਤਹਿਤ ਫੌਰੀ ਰਾਹਤ ਦੇ ਤੌਰ ਤੇ ਖੇਤਾਂ ਦੀ ਅੱਗ ਨਾਲ ਜਲਕੇ ਮਰੀ ਬੱਚੀ ਰੂਪਾ ਦੇ ਪਰਿਵਾਰ ਨੂੰ ਅੱਜ ਪ੍ਰਸਾਸ਼ਨ ਨੇ 4ਲੱਖ65 ਹਜ਼ਾਰ ਅਤੇ 48 ਝੁੱਗੀਆਂ ਦੇ ਮਾਲਕਾਂ ਨੂੰ 65ਹਜ਼ਾਰ ਦੇ ਚੈੱਕ ਦੇਣ ਦਾ ਐਲਾਨ ਕੀਤਾ ਅਤੇ ਕੁਲ ਲਗਭਗ 35ਲੱਖ ਰੁਪਿਆ ਦੀ ਰਾਹਤ ਮਜ਼ਦੂਰਾਂ ਨੂੰ ਮਿਲੀ। ਪ੍ਰਸ਼ਾਸ਼ਨ ਨੇ ਇਸ ਗੱਲ ਲਈ ਵਚਨਬਧਤਾਂ ਪਰਗਟਾਈ ਕਿ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਕਣ ਲਈ ਲਿਆਂਦਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਪੰਡਾਲ ਦੇ ਕੋਨੇ ਵਿਚ ਹੀ ਪਿਆ ਰਿਹਾ।
ਇਸ ਮੌਕੇ ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨ੍ਹਹੇੜੀਆਂ, ਅਜੀਤ ਸਿੰਘ ਭੈਣੀ, ਬਲਦੇਵ ਮਹਿਰਾ, ਜਗਜੀਤ ਸਿੰਘ ਚਰਬੜ, ਹਰਨੇਕ ਸਿੰਘ ਮੋਹਾਲੀ, ਰਾਮ ਸਿੰਘ ਗੋਗੀ, ਗੁਰਲਾਲ ਸੈਲਾ, ਡਾ ਜਸਪ੍ਰੀਤ ਸਿੰਘ, ਵਕੀਲ ਸ਼ਿਵ ਕਲਿਆਣ, ਕੁਲਦੀਪ ਸਿੰਘ ਸਰਦੂਲਗੜ੍ਹ, ਚੌਧਰੀ ਗੁਰਨਾਮ ਸਿੰਘ, ਪਰਵੀਨ ਬੰਗਾ, ਸੁਖਦੇਵ ਸਿੰਘ ਚਪੜਚਿੜੀ, ਚਰਨਜੀਤ ਸਿੰਘ ਦੇਵੀਗੜ੍ਹ, ਜਸਵਿੰਦਰ ਸਿੰਘ ਜੀਰਕਪੁਰ, ਸ਼ੀਲਾ ਰਾਣੀ, ਕਰਮਜੀਤ ਕੌਰ, ਹਰਪ੍ਰੀਤ ਸੁੰਡਰਾ, ਡਾ ਜਰਨੈਲ ਸਿੰਘ, ਮਾ ਰਾਮ ਪਾਲ, ਜਸਵੀਰ ਸਿੰਘ ਓਲੀਆਪੁਰ, ਸਰਬਜੀਤ ਸਿੰਘ ਜਾਫਰਪੁਰ, ਹਰਨੇਕ ਦੇਵਪੁਰੀ, ਗੁਰਮੀਤ ਸਿੰਘ ਚੋਬਦਾਰਾਂ, ਹਰ ਹਰਭਜਨ ਸਿੰਘ ਦੁਲਮਾ, ਜਤਿੰਦਰ ਬੱਬੂ, ਨਰਿੰਦਰ ਬਡਵਾਲੀ, ਜਗਜੀਤ ਖੰਨਾ, ਨੀਲਮ ਸਹਿਜਲ, ਆਦਿ ਹਾਜ਼ਿਰ ਸਨ























