ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ
ਹੁਣ ਵਿਧਾਇਕ ਆਪਣੀ ਜੇਬ ‘ਚੋਂ ਭਰਨਗੇ ਟੈਕਸ ! ਫੈਸਲੇ ਤੇ ਲੱਗ ਸਕਦੀ ਹੈ ਮੋਹਰ
ਚੰਡੀਗੜ੍ਹ, 2ਮਈ (ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ 10:30 ਵਜੇ ਹੋਵੇਗੀ।
ਦੱਸ ਦੱਈਏ ਕਿ ਪਹਿਲਾਂ ਇਸ ਮੀਟਿੰਗ ਦਾ ਸਮਾਂ 4 ਵਜੇ ਨਿਰਧਾਰਿਤ ਕੀਤਾ ਗਿਆ ਸੀ। ਪਰ ਬੀਤੇ ਦਿਨ ਪੰਜਾਬ ਸਰਕਾਰ ਨੇ ਨਵਾਂ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ, ਹੁਣ ਮੀਟਿੰਗ 2 ਮਈ ਨੂੰ ਸ਼ਾਮ 4 ਵਜੇ ਹੋਣ ਦੀ ਬਿਜਾਏ ਸਵੇਰੇ 10:30 ਤੇ ਹੋਵੇਗੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ ਤੇ ਲੋਕ ਹਿੱਤ ਲਈ ਕਈ ਐਲਾਨ ਵੀ ਕੀਤੇ ਜਾ ਰਹੇ ਹਨ। ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਵਿਧਾਇਕ ਆਪਣੀ ਜੇਬ ਵਿਚੋਂ ਟੈਕਸ ਭਰਨਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਸ ਫੈਸਲੇ ਦਾ ਰਸਮੀ ਐਲਾਨ ਕਰ ਸਕਦੇ ਹਨ।
ਦੱਸ ਦੇਈਏ ਕਿ ਵਿਧਾਇਕਾਂ ਦੀ ਤਨਖਾਹ ਤੇ ਜੋ ਟੈਕਸ ਲੱਗਦਾ ਹੈ, ਪਹਿਲਾਂ ਉਹ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਂਦਾ ਸੀ ਜਿਸ ਕਾਰਨ ਖਜ਼ਾਨੇ ਤੇ ਕਾਫੀ ਬੋਝ ਪੈ ਰਿਹਾ ਸੀ। ਇਸ ਬੋਝ ਨੂੰ ਘਟਾਉਣ ਲਈ ਮੁੱਖ ਮੰਤਰੀ ਮਾਨ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ 117 ਵਿਧਾਇਕਾਂ ਨੂੰ ਆਪਣੀ ਜੇਬ ਤੋਂ ਹੀ ਇਨਕਮ ਟੈਕਸ ਭਰਨਾ ਹੋਵੇਗਾ।























