ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਪੰਜਾਬ ਯੋਜਨਾ ਬੋਰਡ ਭੰਗ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)-ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬਾਈ ਬੋਰਡ ਅਤੇ ਜ਼ਿਲ੍ਹਾ ਯੋਜਨਾ ਬੋਰਡ ਵੀ ਭੰਗ ਕਰ ਦਿੱਤੇ ਗਏ ਹਨ। ਕਾਂਗਰਸੀ ਲੀਡਰ ਅਤੇ ਸਾਬਕਾ CM ਬੀਬੀ ਰਜਿੰਦਰ ਕੌਰ ਭੱਠਲ ਪਹਿਲੋਂ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਸਨ। ਯੋਜਨਾ ਬੋਰਡ ਦੇ ਭੰਗ ਹੋਣ ਨਾਲ ਬੀਬੀ ਰਜਿੰਦਰ ਕੌਰ ਭੱਠਲ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵਿੱਤ ਵਿਭਾਗ ਵੱਲੋਂ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰਨ ਬਾਰੇ ਸੀਐਮ ਪੰਜਾਬ ਨੂੰ ਦਰਖ਼ਾਸਤ ਭੇਜੀ ਗਈ ਸੀ।
ਮੁੱਖ ਮੰਤਰੀ ਯੋਜਨਾ ਬੋਰਡ ਦੇ ਚੇਅਰਮੈਨ ਹੁੰਦੇ ਹਨ। ਮੁੱਖ ਮੰਤਰੀ ਦੀ ਮਨਜ਼ੂਰੀ ਮਿਲਦੇ ਹੀ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਵਿੱਚ ਬਣੇ ਯੋਜਨਾ ਕਮਿਸ਼ਨ ਨੂੰ ਪਿਛਲੀ ਮੋਦੀ ਸਰਕਾਰ ਵਿੱਚ ਹੀ ਭੰਗ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਥਾਂ ਨੀਤੀ ਆਯੋਗ ਨੇ ਲੈ ਲਿਆ ਸੀ, ਪਰ ਪੰਜਾਬ ਵਿੱਚ ਅਜੇ ਵੀ ਯੋਜਨਾ ਬੋਰਡ ਬਣਿਆ ਹੋਇਆ ਸੀ।























