ਕਣਕ ਦੀ ਖਰੀਦ 2 ਲੱਖ ਮੀਟਰਕ ਟਨ ਨੂੰ ਟੱਪੀ
ਕਿਸਾਨਾਂ ਨੂੰ ਖਰੀਦੀ ਕਣਕ ਦੀ 281 ਕਰੋੜ ਰੁਪੈ ਦੀ ਅਦਾਇਗੀ
ਕਪੂਰਥਲਾ, 20 ਅਪ੍ਰੈਲ (ਵਿਸ਼ਵ ਵਾਰਤਾ);-ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਸੁਚਾਰੂ ਤਰੀਕੇ ਨਾਲ ਜਾਰੀ ਹੈ, ਜਿਸ ਤਹਿਤ ਬੀਤੇ ਕੱਲ੍ਹ ਤੱਕ ਜਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ 2 ਲੱਖ ਮੀਟਰਕ ਟਨ ਨੂੰ ਪਾਰ ਕਰ ਗਈ ਹੈ। ਖਰੀਦੀ ਕਣਕ ਬਦਲੇ ਕਿਸਾਨਾਂ ਨੂੰ 281.57 ਕਰੋੜ ਰੁਪੈ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਲ੍ਹੇ ਵਿਚ 203284.25 ਮੀਟਰਕ ਟਨ ਦੀ ਖਰੀਦ ਹੋਈ ਹੈ, ਜਿਸ ਵਿਚੋਂ ਸਭ ਤੋਂ ਵੱਧ ਪਨਸਪ ਨੇ 24 ਫੀਸਦੀ ਨਾਲ 48569 ਮੀਟਰਕ ਟਨ, ਮਾਰਕਫੈਡ ਨੇ 23 ਫੀਸਦੀ ਨਾਲ 48103, ਪਨਗਰੇਨ ਨੇ 21 ਫੀਸਦੀ ਨਾਲ 42862 , ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੇ 15 ਫੀਸਦੀ ਨਾਲ 30149 , ਕੇਂਦਰੀ ਖੁਰਾਕ ਨਿਗਮ ਨੇ 9 ਫੀਸਦੀ ਨਾਲ 18656 ਤੇ ਪ੍ਰਾਈਵੇਟ ਖਰੀਦਦਾਰਾਂ ਨੇ 7 ਫੀਸਦੀ ਨਾਲ 14945 ਮੀਟਰਕ ਟਨ ਦੀ ਖਰੀਦ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦੀ ਗਈ ਕਣਕ ਬਦਲੇ 48 ਘੰਟੇ ਦੇ ਨਿਰਧਾਰਿਤ ਸਮੇਂ ਅੰਦਰ ਬਣਦੀ 270 ਕਰੋੜ ਰੁਪੈ ਦੇ ਮੁਕਾਬਲੇ ਕਿਸਾਨਾਂ ਨੂੰ 281.57 ਕਰੋੜ ਰੁਪੈ ਦੀ ਅਦਾਇਗੀ ਕੀਤੀ ਗਈ ਹੈ, ਜੋ ਕਿ 104 ਫੀਸਦੀ ਬਣਦੀ ਹੈ। ਉਨ੍ਹਾਂ ਕਣਕ ਦੀ ਆਮਦ ਵਿਚ ਤੇਜੀ ਦੇ ਮੱਦੇਨਜ਼ਰ ਖ੍ਰੀਦ ਏਜੰਸੀਆਂ, ਮੰਡੀ ਬੋਰਡ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਿਫਟਿੰਗ ਵਿਚ ਹੋਰ ਤੇਜੀ ਲਿਆਉਣ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਜਿਕਰਯੋਗ ਹੈ ਕਿ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਟੀਚਾ 391924 ਮੀਟਰਕ ਟਨ, ਜਿਸ ਵਿਚੋਂ 203284.25 ਮੀਟਰਕ ਟਨ ਦੀ ਖਰੀਦ ਨਾਲ ਨਿਰਧਾਰਿਤ ਟੀਚੇ ਦੀ 52 ਫੀਸਦੀ ਕਣਕ ਖਰੀਦੀ ਜਾ ਚੁੱਕੀ ਹੈ।























